ਪੰਜਾਬੀਆਂ ਨੂੰ ਮੁੜ ਮਹਿੰਗਾਈ ਦੀ ਮਾਰ! ਫਲਾਂ ਤੇ ਸਬਜ਼ੀਆਂ ਦੇ ਰੇਟ ਚੜ੍ਹੇ ਅਸਮਾਨੀ

ਖੇਤੀ ਦੇ ਮਾਹਿਰ ਮੰਨੇ ਜਾਂਦੇ ਪੰਜਾਬੀਆਂ ਨੂੰ ਸਬਜ਼ੀਆਂ ਤੇ ਫਲਾਂ ਨੇ ਮੁੜ ਝਟਕਾ ਦਿੱਤੀ ਹੈ। ਰੋਸਈ ਵਿੱਚੋਂ ਹਰੀਆਂ ਸਬਜ਼ੀਆਂ ਮੁੜ ਗਾਇਬ ਹੋਣ ਲੱਗੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਛੁੱਟੀਆਂ ਕਾਰਨ ਮੰਡੀਆਂ ਵਿੱਚ ਸਬਜ਼ੀਆਂ ਦੀ ਸਪਲਾਈ ਬੰਦ ਹੋ ਗਈ ਹੈ। ਇਸ ਕਾਰਨ ਸਬਜ਼ੀਆਂ ਦੇ ਭਾਅ ਵਿੱਚ ਅਚਾਨਕ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਫਲਾਂ ਦੇ ਰੇਟ ਵੀ ਚੜ੍ਹੇ ਹਨ। ਇਸ ਸਭ ਬਾਹਰੀ ਰਾਜਾਂ ਵਿੱਚ ਸਪਲਾਈ ਘਟਣ ਕਰਕੇ ਹੋਇਆ ਹੈ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਬਜ਼ੀਆਂ ਤੇ ਫ਼ਲਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵੀ ਛੜੱਪੇ ਮਾਰ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਬਾਹਰੀ ਰਾਜਾਂ ਤੋਂ ਸਬਜ਼ੀਆਂ ਨਾ ਆਉਣ ਕਰਕੇ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਇਸ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਦੂਜੇ ਪਾਸੇ ਛੋਟੇ ਸਬਜ਼ੀ ਤੇ ਫਲ ਵਿਕ੍ਰੇਤਾ ਵੀ ਇਸ ਮਹਿੰਗਾਈ ਤੋਂ ਪ੍ਰੇਸ਼ਾਨ ਹਨ।

ਹਾਸਲ ਜਾਣਕਾਰੀ ਮੁਤਾਬਕ ਇਸ ਮਹੀਨੇ ਦੇ ਸ਼ੁਰੂ ਵਿੱਚ 15-20 ਰੁਪਏ ਕਿੱਲੋ ਮਿਲਣ ਵਾਲਾ ਟਮਾਟਰ ਹੁਣ 65-70 ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ। ਇਸੇ ਤਰ੍ਹਾਂ ਪਿਆਜ਼ ਦੀ ਕੀਮਤ ਵੀ 25-30 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 70-75 ਰੁਪਏ ਕਿਲੋ ਹੋ ਗਈ ਹੈ। ਹੋਰ ਸਬਜ਼ੀਆਂ ਦੇ ਭਾਅ ਵੀ ਵੱਧ ਕੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਘੀਆ ਤੇ ਲੌਕੀ 30-40 ਰੁਪਏ ਕਿਲੋ, ਸ਼ਿਮਲਾ ਮਿਰਚ 80 ਰੁਪਏ ਕਿਲੋ, ਗਾਜਰ 40 ਰੁਪਏ ਕਿਲੋ ਅਤੇ ਕਰੇਲਾ 60 ਰੁਪਏ ਕਿਲੋ ਵਿੱਕ ਰਿਹਾ ਹੈ। ਜਿੱਥੇ ਪਿਆਜ਼, ਟਮਾਟਰ, ਅਦਰਕ ਤੇ ਲਸਣ ਦੀ ਕੀਮਤ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਉਥੇ ਕੁੱਝ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਕਮੀ ਵੀ ਆਈ ਹੈ।

ਹਾਲਾਂਕਿ, ਇਨ੍ਹਾਂ ਸਬਜ਼ੀਆਂ ਦੀ ਵਿਕਰੀ ਘੱਟ ਹੈ ਕਿਉਂਕਿ ਲੋਕ ਹੁਣ ਰੋਜ਼-ਰੋਜ਼ ਇਹ ਸਬਜ਼ੀਆਂ ਖਾਣ ਤੋਂ ਅੱਕ ਗਏ ਹਨ। ਗੋਭੀ 20-25 ਰੁਪਏ ਪ੍ਰਤੀ ਕਿਲੋ, ਮੂਲੀ 20 ਰੁਪਏ ਪ੍ਰਤੀ ਕਿਲੋ, ਬੈਂਗਣ 40 ਰੁਪਏ ਪ੍ਰਤੀ ਕਿਲੋ ਤੇ ਸਬਜ਼ੀਆਂ ਨਾਲ ਝੂੰਗੇ ਵਿੱਚ ਮਿਲਣ ਵਾਲਾ ਧਨੀਆ ਮੁੜ ਝੂੰਗੇ ਵਿੱਚ ਮਿਲਣ ਲੱਗ ਪਿਆ ਹੈ ਕਿਉਂਕਿ ਇਸ ਦੀ ਕੀਮਤ 400 ਨੂੰ ਹੱਥ ਲਾ ਕੇ ਮੁੜ ਪਹਿਲੀ ਵਾਰੀ ਥਾਂ ’ਤੇ ਆ ਗਈ ਹੈ। ਕੁਝ ਸਬਜ਼ੀਆਂ ਦੇ ਨਾਲ-ਨਾਲ ਫ਼ਲਾਂ ਦੀਆਂ ਕੀਮਤਾਂ ਵੀ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਸੇਬ ਪਹਿਲਾਂ ਵਾਂਗ ਹੀ 100-120 ਰੁਪਏ ਕਿਲੋ, ਸੰਤਰਾ 70-80 ਰੁਪਏ ਕਿਲੋ ਅਤੇ ਪਪੀਤਾ 65-70 ਰੁਪਏ ਕਿਲੋ ਵਿੱਕ ਰਿਹਾ ਹੈ।

Leave a Reply

Your email address will not be published. Required fields are marked *