ਪੰਜਾਬੀਅਤ ਦੇ ਰੰਗ ’ਚ ਰੰਗਿਆ ਕਵੀ ਧਨੀ ਰਾਮ ਚਾਤ੍ਰਿਕ

ਧਨੀ ਰਾਮ ਚਾਤ੍ਰਿਕ ਆਧੁਨਿਕ ਪੰਜਾਬੀ ਸਾਹਿਤ ਦੇ ਪਹਿਲੇ ਕਵੀ ਹਨ, ਜਿਨ੍ਹਾਂ ਦੀਆਂ ਰਚਨਾਵਾਂ ਨੂੰ ਪੰਜਾਬ ਦੀ ਧਰਤੀ ਦੀ ਛੋਹ ਹਾਸਲ ਹੈ| ਉਨ੍ਹਾਂ ਦੀਆਂ ਕਵਿਤਾਵਾਂ ’ਚ ਪੰਜਾਬ ਦੇ ਮੇਲੇ, ਖੇਤ, ਕਿਰਤੀ, ਕਿਸਾਨ, ਮਜ਼ਦੂਰ, ਮਾਲ, ਢਾਂਡੇ, ਤੂੜੀ, ਡੰਗਰਾਂ, ਪਸ਼ੂਆਂ, ਵਾਗੀਆਂ, ਹਾਲੀਆਂ, ਪੰਜਾਲੀਆਂ, ਖੁਰਲੀਆਂ, ਰੁੱਖਾਂ, ਰੁੱਤਾਂ ਆਦਿ ਦਾ ਵਰਣਨ ਮੋਹ ਤੇ ਤਿਉ ਸਹਿਤ ਕੀਤਾ ਹੈ| ਉਨ੍ਹਾਂ ਪੰਜਾਬੀਆਂ ਦੇ ਰਹਿਣ ਸਹਿਣ, ਦੇਸ਼-ਭਗਤੀ, ਹਿੰਦੂ ਮੁਸਲਮਾਨ ਸਿੱਖਾਂ ਦੇ ਪਿਆਰ ਭਰੇ ਨਿੱਘੇ ਇਤਫ਼ਾਕ ਭਰੇ ਸੰਬੰਧਾਂ ਨੂੰ ਰੀਝ ਤੇ ਨੀਝ ਨਾਲ਼ ਚਿੱਤਰਿਆ ਹੈ| ਉਨ੍ਹਾਂ ਆਪਣੀ ਕਵਿਤਾ ਨੂੰ ਰੋਮਾਂਸ ਦੀ ਚਾਸ਼ਨੀ ’ਚ ਰੰਗਣ ਦੇ ਬਾਵਜੂਦ ਸਦਾਚਾਰਕਤਾ ਤੇ ਸਮਾਜਿਕਤਾ ਨੂੰ ਹਰ ਹਾਲ ’ਚ ਕਾਇਮ ਰੱਖਿਆ| ਇਸ ਦੇ ਨਾਲ਼ ਹੀ ਉਨ੍ਹਾਂ ਨੇ ਆਧੁਨਿਕ ਪੰਜਾਬੀ ਕਵਿਤਾ ਨੂੰ ਅਧਿਆਤਮਵਾਦ ਤੋਂ ਨਿਖੇੜ ਕੇ ਸਮਾਜਿਕ ਲੀਹਾਂ ਉੱਤੇ ਪਾਇਆ।ਧਨੀ ਰਾਮ ਚਾਤ੍ਰਿਕ ਦਾ ਜਨਮ ਪਿੰਡ ਪੱਸੀਆਂ ਵਾਲ਼ਾ ਜ਼ਿਲ੍ਹਾ ਸਿਆਲਕੋਟ ਵਿੱਚ ਲਾਲਾ ਪਹੂ ਮੱਲ ਦੇ ਘਰ ਚਾਰ ਅਕਤੂਬਰ 1876 ਈਸਵੀ ਨੂੰ ਹੋਇਆ| ਆਪ ਦੀ ਉਮਰ ਅਜੇ ਛੋਟੀ ਸੀ, ਜਦੋਂ ਪਿਤਾ ਰੋਜ਼ੀ ਰੋਟੀ ਦੀ ਖ਼ਾਤਰ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਆ ਗਏ|

ਪੰਜਾਬੀ ਭਾਸ਼ਾ ਉਨ੍ਹਾਂ ਆਪਣੇ ਪਿਤਾ ਕੋਲੋਂ ਤੇ ਉਰਦੂ ਪਿੰਡ ਦੇ ਸਕੂਲ ’ਚ ਪੜ੍ਹਨਾ ਸਿੱਖਿਆ| ਉਨ੍ਹਾਂ ਦੇ ਚਾਚੇ ਨੂੰ ਗਾਉਣ ਦਾ ਬੜਾ ਸ਼ੌਂਕ ਸੀ। ਉਹ ਪਿੰਡਾਂ, ਕਸਬਿਆਂ ਵਿੱਚ ਹੋ ਰਹੀਆਂ ਰਾਸਾਂ, ਤਮਾਸ਼ਿਆਂ, ਮੇਲਿਆਂ, ਛਿੰਜਾਂ ਆਦਿ ਵਿੱਚ ਆਪ ਨੂੰ ਲੈ ਜਾਂਦਾ ਸੀ। ਇਨ੍ਹਾਂ ਸਮਾਗਮਾਂ ’ਚ ਸੁਣੇ ਗੀਤ, ਭਜਨ, ਬੋਲੀਆਂ ਆਦਿ ਨੇ ਆਪ ਦੀ ਰਚਨਾ ਉੱਤੇ ਸਾਰਥਕ ਪ੍ਰਭਾਵ ਪਾਇਆ| ਆਪ ਨੇ ਭਾਈ ਵੀਰ ਸਿੰਘ ਦੇ ਵਜ਼ੀਰ ਹਿੰਦ ਪ੍ਰੈਸ ਵਿੱਚ 1893 ਈਸਵੀ ਵਿੱਚ ਨੌਕਰੀ ਕਰ ਲਈ| ਉੱਥੇ ਹੀ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਪੜ੍ਹਨ, ਲਿਖਣ ਦੀ ਡੂੰਘੀ ਚੇਟਕ ਲੱਗ ਗਈ|

ਪੰਜਾਬੀ ਸਾਹਿਤ ਸਭਾ, ਅੰਮ੍ਰਿਤਸਰ ਹੋਂਦ ’ਚ ਆਈ ਤਾਂ ਚਾਤ੍ਰਿਕ ਨੂੰ ਸਰਬ ਸੰਮਤੀ ਨਾਲ਼ ਪ੍ਰਧਾਨ ਚੁਣ ਲਿਆ ਗਿਆ| ਮੌਲਾ ਬਖ਼ਸ਼ ਕੁਸ਼ਤਾ, ਹੀਰਾ ਸਿੰਘ ਦਰਦ, ਚਰਨ ਸਿੰਘ ਸ਼ਹੀਦ, ਪ੍ਰਿੰ. ਤੇਜਾ ਸਿੰਘ, ਡਾ. ਚਰਨ ਸਿੰਘ ਆਦਿ ਪੰਜਾਬੀ ਦੇ ਚੋਟੀ ਦੇ ਸਾਹਿਤਕਾਰ ਇਸ ਸਭਾ ਦੇ ਮੈਂਬਰ ਸਨ| ਸਭਾ ਦਾ ਮੁੱਖ ਉਦੇਸ਼ ਸਿੱਖ ਹਿੰਦੂ ਤੇ ਮੁਸਲਮਾਨਾਂ ਦੇ ਸਾਂਝੇ ਯਤਨਾਂ ਸਦਕਾ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਮਿਥਿਆ ਸੀ। ਸਭਾ ਦੇ ਉੱਦਮ ਸਦਕਾ ਹੀ ਪੰਜਾਬ ’ਚ ਪੰਜਾਬੀ ਕਵੀ ਦਰਬਾਰ ਕਰਵਾਉਣ ਦੀ ਪਰੰਪਰਾ ਅਰੰਭ ਹੋਈ|

ਸਾਹਿਤਕ ਰਚਨਾਵਾਂ

ਧਨੀ ਰਾਮ ਚਾਤ੍ਰਿਕ ਦਾ ‘ਚੰਦਨਵਾੜੀ’ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਣ ਨਾਲ਼ ਉਹ ਪੰਜਾਬੀ ਦੇ ਸਿਰਮੌਰ ਕਵੀਆਂ ਦੀ ਕਤਾਰ ’ਚ ਆਣ ਖੜ੍ਹਾ ਹੋਇਆ| ਦੂਜੇ ਕਾਵਿ ਸੰਗ੍ਰਹਿ ‘ਕੇਸਰ ਕਿਆਰੀ’ ’ਚ ਗੀਤਾਂ, ਗ਼ਜ਼ਲਾਂ, ਦੋਹੜਿਆਂ ਤੋਂ ਇਲਾਵਾ ਛੋਟੀਆਂ ਤੇ ਲੰਮੀਆਂ ਕਵਿਤਾਵਾਂ ਨੂੰ ਵੀ ਰਚਿਆ ਹੈ| ‘ਸੂਫ਼ੀਖਾਨਾ’ ਕਾਵਿ-ਸੰਗ੍ਰਹਿ ’ਚ ਸੂਫ਼ੀ ਰੰਗਤ ਦੇ ਗੀਤ, ਗ਼ਜ਼ਲਾਂ, ਕੁਝ ਫੁੱਟਕਲ ਕਵਿਤਾਵਾਂ ਨੂੰ ਵੀ ਸ਼ਾਮਲ ਕੀਤਾ ਹੈ। ਚਾਤ੍ਰਿਕ ਦੀ ਕਵਿਤਾ ਪੰਜਾਬੀਅਤ ਦੀ ਪ੍ਰਤੀਨਿੱਧਤਾ ਕਰਦੀ ਹੈ| ਪੰਜਾਬ ਦੇ ਇਤਿਹਾਸ, ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਬਹੁਤ ਹੀ ਖ਼ੂਬਸੂਰਤ, ਕਲਾਮਈ ਢੰਗ ਨਾਲ਼ ਆਦਰਸ਼ਵਾਦੀ ਰੰਗਣ ਵਿੱਚ ਰੰਗਿਆ ਹੈ| ‘ਅੰਮ੍ਰਿਤਸਰ’ ਨਾਂ ਦੀ ਕਵਿਤਾ ਵਿੱਚ ਪੰਜਾਬੀਆਂ ਨੂੰ ਪੰਜਾਬ ਦੇ ਸਮੁੱਚੇ ਇਤਿਹਾਸ ਨੂੰ ਸਾਂਝਾ ਵਿਰਸਾ ਸਮਝਣ ਦੀ ਪ੍ਰੇਰਣਾ ਇੰਝ ਦਿੱਤੀ ਹੈ-

ਧਰਤੀਏ ਧਰਮੱਗ ਅੰਮ੍ਰਿਤਸਰ ਦੀਏ,

ਪੁੰਨ ਪੁਸ਼ਪਾਂ ਨਾਲ਼ ਲਹਿ ਲਹਿ ਕਰਦੀਏ!

ਪ੍ਰੇਮ ਰਸ ਦੀ ਟਹਿਕਦੀ ਫੁੱਲਵਾੜੀਏ,

ਸੱਚ ਦੀ ਦਰਗਾਹ ਅਰਸ਼ੀਂ ਚਾੜ੍ਹੀਏ!

ਮੁੰਦਰੀ ਪੰਜਾਬ ਦੀ ਕੁਦਰਤ ਘੜੀ,

ਤੂੰ ਨਗ਼ੀਨੇ ਵਤ ਗਈ ਉਸ ਤੇ ਜੜੀ।

ਕਾਰ ਇਹ ਅਰਜਨ ਗੁਰੂ ਸਿਰ ਧਰ ਲਈ,

ਭਾਲ ਅੰਮ੍ਰਿਤ ਕੁੰਡ ਦੀ ਫ਼ਿਰ ਕਰ ਲਈ।

ਚਾਤ੍ਰਿਕ ਦੀ ਕਵਿਤਾ ਵਿੱਚ ਪੰਜਾਬ ਤੇ ਉਸ ਦੀ ਬਹੁਪੱਖੀ ਸੁੰਦਰਤਾ ਲਈ ਡੁੱਲ੍ਹ-ਡੁੱਲ੍ਹ ਪੈਂਦਾ ਮੋਹ, ਆਦਰ ਤੇ ਪਿਆਰ ਹੈ| ‘ਪੰਜਾਬ’ ਕਵਿਤਾ ਵਿੱਚ ਉਹ ਪੰਜਾਬ ਦੀ ਬੜੀ ਰੂਹ ਨਾਲ਼ ਪੇਸ਼ਕਾਰੀ ਕਰਦਾ ਹੈ –

‘ਪੰਜਾਬ ਕਰਾਂ ਕੀ ਸਿਫ਼ਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤਿਰੇ ।

ਜਲ ਪਉਣ ਤਿਰਾ, ਹਰਿਔਲ ਤੇਰੀ, ਦਰਿਆ ਪਰਬਤ ਮੈਦਾਨ ਤਿਰੇ|’

ਸਮਕਾਲੀ ਪੇਂਡੂ ਜਨ-ਜੀਵਨ, ਸੁਹਜ, ਸੁਹੱਪਣ, ਸੁੰਦਰਤਾ ਦਾ ਵਰਨਣ ਤੇ ਪੇਸ਼ਕਾਰੀ ਕਰਨ ਵਿੱਚ ਧਨੀ ਰਾਮ ਦਾ ਕੋਈ ਸਾਨੀ ਨਹੀਂ ਹੈ| ‘ਮੇਲੇ ਵਿੱਚ ਜੱਟ’ ਕਵਿਤਾ ਵਿੱਚ ਪੰਜਾਬੀ ਕਿਸਾਨ ਦੇ ਰੰਗੀਨ ਜੀਵਨ, ਉਹਦੇ ਚਾਵਾਂ, ਮਲ੍ਹਾਰਾਂ ਤੇ ਰੀਝਾਂ ਨੂੰ ਸੋਹਣੇ ਢੰਗ ਨਾਲ਼ ਰੂਪਮਾਨ ਕੀਤਾ ਹੈ-

‘ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।

ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,

ਮਾਲ ਢਾਂਡਾ ਸਾਂਭਣੇ ਨੂੰ ਕਾਮਾ ਛੱਡ ਕੇ।

ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,

ਸੁੰਮਾਂ ਵਾਲ਼ੀ ਡਾਂਗ ਉੱਤੇ ਤੇਲ ਲਾਇ ਕੇ।

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।’

‘ਵਿਸਾਖੀ’ ਕਵਿਤਾ ਵਿੱਚ ਬੜੀ ਸਿੱਧੀ ਸਾਦੀ ਸਰਲ ਮਿੱਠੀ ਬੋਲੀ ਵਿੱਚ ਪੰਜਾਬ ਦੇ ਵਟਦੇ ਵੇਸਾਂ ਤੇ ਪੰਜਾਬੀਆਂ ਦੀ ਖ਼ੁਸ਼ੀ ਦੀ ਪੇਸ਼ਕਾਰੀ ਖ਼ੂਬਸੂਰਤ ਰੌਚਕ ਸਲਾਹੁਣਯੋਗ ਢੰਗ ਨਾਲ਼ ਕੀਤੀ ਹੈ –

‘ਪੱਕ ਪਈਆਂ ਕਣਕਾਂ ਲੁਕਾਠ ਰਸਿਆ,

ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ’।

ਪੰਜਾਬ ਤੇ ਉਸ ਦੀ ਸੁੰਦਰਤਾ ਸੁਹੱਪਣ ਸੰਬੰਧੀ ਦੇਸ਼ ਪੰਜਾਬ, ਵਿਸਾਖੀ ਦਾ ਮੇਲਾ, ਹਿਮਾਲਾ, ਬਸੰਤ, ਸਾਉਣ, ਜਿਹਲਮ, ਅਟਕ, ਪੇਂਡੂ ਜੀਵਨ ਆਦਿ ਕਵਿਤਾਵਾਂ ਪ੍ਰਸਿੱਧ ਤੇ ਪੰਜਾਬੀ ਸਾਹਿਤ ਵਿੱਚ ਮੀਲ ਪੱਥਰ ਦੀ ਨਿਆਈਂ ਹਨ।| ਕਵੀ ਪੰਜਾਬ, ਪੰਜਾਬ ਦੀ ਮਿੱਟੀ, ਪੰਜਾਬ ਦੇ ਪੌਣ ਪਾਣੀ ਸੰਬੰਧੀ ‘ਪੰਜਾਬ’ ਨਾਂ ਦੀ ਕਵਿਤਾ ਵਿੱਚ ਇੰਝ ਲਿਖਦਾ ਹੈ-

‘ਦਰਗਾਹੀਂ ਸੱਦੇ ਆ ਗਏ ਨੇ, ਸਾਮਾਨ ਤਿਆਰ ਸਫ਼ਰ ਦਾ ਹੈ।

ਪਰ ਤੇਰੇ ਬੂਹਿਓਂ ਹਿੱਲਣ ਨੂੰ, ਚਾਤ੍ਰਿਕ ਦਾ ਜੀ ਨਹੀਂ ਕਰਦਾ ਹੈ।’

ਉਸ ਨੇ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਨੂੰ ਇੰਝ ਪ੍ਰਗਟਾਇਆ ਹੈ-

‘ਏਹੋ ਜਿੰਦ ਜਾਨ ਸਾਡੀ, ਮੋਤੀਆਂ ਦੀ ਖਾਨ ਸਾਡੀ।’

ਹੱਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ।’

ਚਾਤ੍ਰਿਕ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਪਟਰਾਣੀ ਤੇ ਹੋਰ ਬੋਲੀਆਂ ਨੂੰ ਗੋਲੀਆਂ ਆਖਦਾ ਹੈ| ਉਹ ‘ਤ੍ਰੈ ਮਾਂਵਾਂ’ ਕਵਿਤਾ ਵਿੱਚ ਲਿਖਦਾ ਹੈ-

‘ਤੀਜੀ ਮਾਂ ਪੰਜਾਬੀ ਬੋਲੀ, ਬਚਪਨ ਵਿੱਚ ਮਾਂ ਪਾਸੋਂ ਸਿੱਖੀ,

ਧੋਤੀ, ਮਾਂਜੀ, ਪਹਿਨੀ-ਪਚਰੀ, ਨਜ਼ਮ ਨਸਰ ਬੋਲੀ ਤੇ ਲਿਖੀ।

ਮਤਰੇਈਆਂ ਨੂੰ ਪਰੇ ਹਟਾ ਕੇ, ਪਟਰਾਣੀ ਨੂੰ ਤਖ਼ਤ ਬਹਾਇਆ,

ਇਹੋ ਜਿਹੀ ਮਨੋਹਰ ਮਿੱਠੀ, ਹੋਰ ਕੋਈ ਬੋਲੀ ਨਹੀਂ ਡਿੱਠੀ’।

‘ਸਿਦਕਾਂ ਵਾਲ਼ਿਆਂ ਦੇ ਬੇੜੇ ਪਾਰ’ ਕਵਿਤਾ ਵਿੱਚ ਪੰਜਾਬੀ ਬੋਲੀ ਨੂੰ ਸੁੰਦਰ, ਸੋਹਣੇ ਤੇ ਢੁੱਕਵੇਂ ਬਿਆਨ ਰਾਹੀਂ ਵਡਿਆਇਆ ਹੈ-

‘ਬਾਬੇ ਨਾਨਕ ਦੀਏ ਵਡਿਆਈਏ। ਬੁੱਲ੍ਹੇ ਸ਼ਾਹ ਦੀਏ ਸਿਰ ਤੇ ਚਾਈਏ।

ਫੇਰੇ ਦਿਨ ਤੇਰੇ ਸਿਰਜਣਹਾਰ ਨੇ, ਸਿਦਕਾਂ ਵਾਲ਼ਿਆਂ ਦੇ ਬੇੜੇ ਪਾਰ ਨੇ’।

ਸਮਾਜ ਦੀ ਆਰਥਿਕ ਕਾਣੀ ਵੰਡ ਨੂੰ ‘ਲੱਛਮੀ’ ਕਵਿਤਾ ’ਚ ਇੰਝ ਬਿਆਨ ਕਰਦਾ ਹੈ-

ਰੱਬਾ ਤੂੰ ਵੀ ਚੰਗਾ ਰੱਬ ਹੈਂ, ਭੇਦ ਨਾ ਕੁਝ ਸਮਝਾਇਆ।

ਰੋਟੀ ਰਿਜ਼ਕ ਪਚਾਨਵਿਆਂ ਦਾ, ਪੰਜਾਂ ਦੇ ਵੱਸ ਪਾਇਆ।

ਧਨੀ ਰਾਮ ਚਾਤ੍ਰਿਕ ਦੀ ਕਵਿਤਾ ਜਿੱਥੇ ਸਿੱਖਿਆਦਾਇਕ, ਸਦਾਚਾਰਕ, ਸੁਹਜਾਤਮਕ ਰੰਗ ਵਾਲ਼ੀ ਹੈ। ਉੱਥੇ ਉਸ ਦੀ ਕਵਿਤਾ ਵਿੱਚ ਦੇਸ਼ ਪਿਆਰ, ਭਾਰਤੀਆਂ ਦੀ ਏਕਤਾ ਤੇ ਆਚਰਣ ਦੀ ਉੱਚਤਾ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ,। ਉਹ ਭਾਰਤ ਨੂੰ ਇਨਸਾਨਸਤਾਨ ਬਣਾਉਣਾ ਚਾਹੁੰਦਾ ਹੈ-

‘ਹਿੰਦੂ , ਮੋਮਨ, ਸਿੱਖ, ਈਸਾਈ, ਸਾਰੇ ਜਾਪਣ ਭਾਈ ਭਾਈ ।

ਦਸਤਕਾਰ, ਕਿਰਤੀ, ਕਿਰਸਾਣ, ਸਾਂਝੀ ਰੋਟੀ ਵੰਡ ਕੇ ਖਾਣ।

ਭੁੱਖ, ਨੰਗ, ਚਿੰਤਾ, ਬੇਕਾਰੀ, ਹਟ ਜਾਏ ਧੜਕੇ ਦੀ ਬਿਮਾਰੀ ।

ਘੁਲ਼ ਮਿਲ ਜਾਵਣ ਧਰਮ ਇਮਾਨ, ਸੱਚਮੁੱਚ ਦਾ ਇਨਸਾਨਸਤਾਨ ।

ਸ਼ਬਦ ਚੋਣ ਬਹੁਤ ਸੁੰਦਰ, ਸੁਚੱਜੀ, ਭਾਵਾਂ ਅਨੁਸਾਰ ਬੜੀ ਢੁੱਕਵੀਂ ਹੁੰਦੀ ਹੈ| ਲੋੜ ਅਨੁਸਾਰ ਸੰਸਕ੍ਰਿਤ, ਅੰਗਰੇਜ਼ੀ, ਉਰਦੂ ਫ਼ਾਰਸੀ ਭਾਸ਼ਾ ਦੇ ਵੀ ਵਰਤ ਲਏ ਹਨ। ਨਵੀਨ, ਢੁੱਕਵੇਂ ਅਲੰਕਾਰ ਵਰਤੇ ਹਨ| ਪੌਰਾਣਿਕ, ਇਤਿਹਾਸਕ, ਮਿਥਿਹਾਸਕ ਸੂਝ ਦੀ ਗਵਾਹੀ ਉਸ ਵੱਲੋਂ ਵਰਤੇ ਹਵਾਲਿਆਂ ਤੋਂ ਮਿਲਦੀ ਹੈ| ਆਖ਼ਰ ਅਠੱਤਰ ਸਾਲ ਦੀ ਉਮਰ ਭੋਗ ਕੇ ਪੰਜਾਬ, ਪੰਜਾਬੀ, ਪੰਜਾਬ ਦੀ ਧਰਤੀ ਤੇ ਪੰਜਾਬੀਅਤ ਨੂੰ ਪ੍ਰਣਾਇਆ ਧਨੀ ਰਾਮ ਚਾਤ੍ਰਿਕ 18 ਦਸੰਬਰ 1954 ਈਸਵੀ ਨੂੰ ਪੰਜਾਬ ਦੀ ਧਰਤੀ ਤੋਂ ਸਦਾ ਲਈ ਰੁਖ਼ਸਤ ਹੋ ਗਿਆ|

Leave a Reply

Your email address will not be published. Required fields are marked *