ਪ੍ਰਧਾਨ ਬਾਰੇ ਵਿਵਾਦ ਨੂੰ ਲੈ ਕੇ ਕੈਲਗਰੀ ਸਥਿਤ ਗੁਰਦੁਆਰੇ ’ਚ ਝੜਪ, ਚਾਰ ਲੋਕ ਹੋਏ ਜ਼ਖ਼ਮੀ
ਕੈਲਗਰੀ ਸਥਿਤ ਦਸਮੇਸ਼ ਕਲਚਰ ਸੈਂਟਰ ’ਚ ਐਤਵਾਰ ਰਾਤ ਨੂੰ ਦੋ ਧਿਰਾਂ ਵਿਚਕਾਰ ਝੜਪ ਹੋ ਗਈ ਜਿਸ ਕਾਰਨ ਚਾਰ ਸਿੱਖ ਜ਼ਖ਼ਮੀ ਹੋ ਗਏ। ਉੱਤਰ-ਪੂਰਬੀ ਕੈਲਗਰੀ ’ਚ ਸਥਿਤ ਗੁਰਦੁਆਰੇ ਸਾਹਮਣੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਿੱਖਾਂ ਅਤੇ ਗੁਰਦੁਆਰਾ ਪ੍ਰਬੰਧਨ ਵਿਚਕਾਰ ਹਿੰਸਾ ਭੜਕਣ ਤੋਂ ਬਾਅਦ ਰਾਤ ਕਰੀਬ 9 ਵਜੇ ਅਧਿਕਾਰੀਆਂ ਨੂੰ ਸਿੱਖ ਮੰਦਰ ਬੁਲਾਇਆ ਗਿਆ।
ਪੁਲਿਸ ਨੇ ਸਥਾਨਕ ਮੀਡੀਆ ਨੂੰ ਦਸਿਆ ਕਿ ਪ੍ਰਦਰਸ਼ਨ ਦੌਰਾਨ ਹੋਏ ਹਮਲੇ ਦੌਰਾਨ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪ੍ਰਦਰਸ਼ਨ ਕਰਨ ਵਾਲਿਆਂ ਵਿਚੋਂ ਇਕ ਗੁਰਪ੍ਰਤਾਪ ਬੈਦਵਾਨ ਨੇ ਕਿਹਾ ਕਿ ਗੁਰਦੁਆਰੇ ਦੀ ਚੁਣੀ ਹੋਈ ਲੀਡਰਸ਼ਿਪ ਕਮੇਟੀ ਦੇ ਵਿਰੋਧ ਵਿਚ ਕੁੱਝ ਲੋਕ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ, ‘‘ਅਸੀਂ ਉਨ੍ਹਾਂ ਵਲੋਂ ਰਹਿਤ ਮਰਿਆਦਾ ਦੀ ਉਲੰਘਣਾ ਅਤੇ ਕਈ ਗਲਤ ਕੰਮਾਂ ਅਤੇ ਸ਼ਿਕਾਇਤਾਂ ਦਾ ਵਿਰੋਧ ਕਰਨ ਲਈ ਬੈਠਕ ਕਰ ਰਹੇ ਸੀ।
ਲੀਡਰਸ਼ਿਪ ਨੂੰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਡੇ ਸਾਹਮਣੇ ਇਹ ਮੁੱਦਾ ਹੈ ਕਿ ਜੋ ਨਵੀਂ ਕਮੇਟੀ ਆਈ ਹੈ, ਉਹ ਉਨ੍ਹਾਂ ਮਾਪਦੰਡਾਂ ਤੋਂ ਬਾਹਰ ਕੰਮ ਕਰ ਰਹੀ ਹੈ। ਉਹ ਨਾ ਸਿਰਫ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ, ਬਲਕਿ ਉਹ ਗ਼ੈਰ-ਮੁਨਾਫ਼ਾ ਸੰਗਠਨ ਹੋਣ ਦੇ ਰੂਪ ’ਚ ਅਲਬਰਟਾ ਕਾਨੂੰਨ ਤਹਿਤ ਨਿਰਧਾਰਤ ਸੰਸਥਾ ਦੇ ਅਪਣੇ ਉਪ-ਕਾਨੂੰਨਾਂ ਦੀ ਵੀ ਉਲੰਘਣਾ ਕਰ ਰਹੇ ਹਨ।’’
ਪ੍ਰਦਰਸ਼ਨਕਾਰੀਆਂ ਨੇ ਲੀਡਰਸ਼ਿਪ ’ਤੇ ਸੰਚਾਰ ਦੀ ਕਮੀ, ਸਿੱਖਾਂ ਵਿਚ ਝਗੜਿਆਂ ਨੂੰ ਸੁਲਝਾਉਣ ਦੀ ਇੱਛਾ ਅਤੇ ਆਮ ਲਾਪਰਵਾਹੀ ਦਾ ਵੀ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨ 24 ਦਸੰਬਰ ਨੂੰ ਸ਼ੁਰੂ ਹੋਇਆ ਸੀ। ਬੈਦਵਾਨ ਨੇ ਕਿਹਾ, ‘‘ਇਸ ਠੰਢੇ ਮੌਸਮ ’ਚ ਅਸੀਂ 15 ਦਿਨ-ਰਾਤ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ।’’
ਉਨ੍ਹਾਂ ਕਿਹਾ ਕਿ ਇਕ ਵਾਰ ਵੀ ਕਮੇਟੀ ਬਾਹਰ ਨਹੀਂ ਆਈ ਅਤੇ ਨਾ ਹੀ ਕਾਰਜਕਾਰੀ ਕਮੇਟੀ ਨੇ ਬਾਹਰ ਆ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸਵਾਲ ਕੀਤਾ, ‘‘ਉਹ ਕਿਉਂ ਲੁਕੇ ਹੋਏ ਹਨ?’’ ਕੈਲਗਰੀ ਪੁਲਿਸ ਨੇ ਇਸ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ ਕਿ ਹਮਲਾ ਕਿਸ ਕਾਰਨ ਹੋਇਆ ਜਾਂ ਕੀ ਕਿਸੇ ’ਤੇ ਦੋਸ਼ ਲਗਾਇਆ ਗਿਆ ਹੈ।