ਪਾਕਿ ਚੋਣ ਕਮਿਸ਼ਨ ਨੇ ਚੋਣਾਂ ਦੀ ਤੈਅ ਤਰੀਕ ਦੱਸਣੋਂ ਕੀਤੀ ਨਾਂਹ, ਜਾਣੋ ਵਜ੍ਹਾ
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਤਕਨੀਕੀ ਕਾਰਨਾਂ ਕਰ ਕੇ ਆਮ ਚੋਣਾਂ ਦੀ ਤੈਅ ਤਰੀਕ ਦੱਸਣਾ ਸੰਭਵ ਨਹੀਂ ਹੈ। ਕਮਿਸ਼ਨ ਨੇ ਵੀਰਵਾਰ ਨੂੰ 30 ਨਵੰਬਰ ਤੱਕ ਹੱਦਬੰਦੀ ਪੂਰੀ ਹੋਣ ਤੋਂ ਬਾਅਦ ਅਗਲੇ ਸਾਲ ਜਨਵਰੀ ਦੇ ਆਖ਼ਰੀ ਹਫ਼ਤੇ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ। ਸ਼ੁੱਕਰਵਾਰ ਨੂੰ ਸਿਆਸੀ ਪਾਰਟੀਆਂ ਨੇ ਕਮਿਸ਼ਨ ਤੋਂ ਚੋਣਾਂ ਦੀ ਤੈਅ ਤਰੀਕ ਦੀ ਮੰਗ ਕੀਤੀ ਸੀ।
ਸੰਵਿਧਾਨ ਮੁਤਾਬਕ, ਨੈਸ਼ਨਲ ਅਸੈਂਬਲੀ ਭੰਗ ਹੋਣ ਤੋਂ ਬਾਅਦ 90 ਦਿਨਾਂ ਅੰਦਰ ਚੋਣਾਂ ਕਰਾਉਣੀਆਂ ਲਾਜ਼ਮੀ ਹਨ। ਪਿਛਲੀ ਸਰਕਾਰ ਨਵੀਂ ਮਰਦਮਸ਼ੁਮਾਰੀ ਨੂੰ ਮਨਜ਼ੂਰੀ ਦੇ ਚੁੱਕੀ ਸੀ ਜਿਸ ਦੇ ਆਧਾਰ ’ਤੇ ਕਮਿਸ਼ਨ ਲਈ ਹੱਦਬੰਦੀ ਕਰਨੀ ਜ਼ਰੂਰੀ ਹੋ ਗਈ।
ਚੋਣਾਂ ’ਚ ਫ਼ੌਜ ਨਹੀਂ ਦੇਵੇਗੀ ਦਖ਼ਲ : ਕਾਕਰ
ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕਾਕਰ ਨੇ ਚੋਣਾਂ ’ਚ ਫ਼ੌਜ ਦੇ ਦਖ਼ਲ ਦਾ ਖ਼ਦਸ਼ਾ ਪੂਰੀ ਤਰ੍ਹਾਂ ਖ਼ਾਰਜ ਕੀਤਾ ਹੈ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਹਾਰ ਯਕੀਨੀ ਬਣਾਉਣ ਲਈ ਫ਼ੌਜ ਚੋਣਾਂ ’ਚ ਦਖ਼ਲ ਦੇ ਸਕਦੀ ਹੈ।
ਅਕਤੂਬਰ ’ਚ ਹੀ ਵਾਪਸ ਆਉਣਗੇ ਨਵਾਜ਼ : ਸ਼ਾਹਬਾਜ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸੁਪਰੀਮੋ ਨਵਾਜ਼ ਸ਼ਰੀਫ਼ 21 ਅਕਤੂਬਰ ਨੂੰ ਹੀ ਸਵਦੇਸ਼ ਪਰਤਣਗੇ। ਉਨ੍ਹਾਂ ਦੀ ਵਾਪਸੀ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸ਼ਾਹਬਾਜ਼ ਦੇ ਅਚਾਨਕ ਲੰਡਨ ਰਵਾਨਾ ਹੋਣ ਤੋਂ ਬਾਅਦ ਅਨੁਮਾਨਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ। ਨਵਾਜ਼ ਸ਼ਰੀਫ਼ ਇਸ ਸਮੇਂ ਲੰਡਨ ’ਚ ਰਹਿ ਰਹੇ ਹਨ।