ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮਿਲੀ ਵੱਡੀ ਰਾਹਤ, ਮੋਹਾਲੀ ਅਦਾਲਤ ਨੇ ਸੁਣਾਇਆ ਫੈਸਲਾ
ਆਈਟੀ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਅਕਾਲੀ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੁਹਾਲੀ ਲੋਅਰ ਕੋਰਟ ਤੋ਼ ਵੱਡੀ ਰਾਹਤ ਮਿਲੀ ਹੈ। ਮੋਹਾਲੀ ਦੀ ਹੇਠਲੀ ਅਦਾਲਤ ਨੇ ਬੰਟੀ ਰੋਮਾਣਾ ਨੂੰ ਜ਼ਮਾਨਤ ਦੇ ਦਿੱਤੀ ਹੈ। ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੋਹਾਲੀ ਪੁਲਿਸ ਨੇ 26 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਪਰਮਬੰਸ ਸਿੰਘ ਬੰਟੀ ਰੋਮਾਣਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਵੀ ਹਨ, ਉਹਨਾ ਨੇ ਆਪਣੇ ਐਕਸ ਅਕਾਊਂਟ ਉੱਤੇ 25 ਅਕਤੂਬਰ ਨੂੰ ਇੱਕ ਵੀਡੀਓ ਪਾਈ ਸੀ। ਇਸ ਵੀਡੀਓ ਵਿੱਚ ਪੰਜਾਬੀ ਗਾਇਕ ਕੰਵਰ ਗਰੇਵਾਲ ਸਟੇਜ ਉੱਤੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਡੀਓ ਸੁਣਾਈ ਦੇ ਰਹੀ ਹੈ।
ਬੰਟੀ ਰੋਮਾਣਾ ਨੇ ਵੀਡੀਓ ਦੇ ਨਾਲ ਲਿਖਿਆ ਸੀ, ‘ਕੰਵਰ ਗਰੇਵਾਲ ਦੀ ਭਗਵੰਤ ਮਾਨ ਨੂੰ ਸਲਾਹ ਤੇ ਚੇਤਾਵਨੀ।’ ਹਾਲਾਂਕਿ ਕੰਵਰ ਗਰੇਵਾਲ ਵੱਲੋਂ ਇੱਕ ਵੀਡੀਓ ਰਾਹੀਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ।
ਪਰਮਬੰਸ ਸਿੰਘ ਰੋਮਾਣਾ ਉੱਤੇ ਆਈਪੀਸੀ ਦੀਆਂ ਧਾਰਾਵਾਂ 468 (ਕਿਸੇ ਨੂੰ ਧੋਖਾ ਦੇਣ ਲਈ ਛੇੜਛਾੜ), 469 (ਕਿਸੇ ਦੇ ਸਨਮਾਨ ਨੂੰ ਢਾਹ ਲਾਉਣ ਲਈ ਛੇੜਛਾੜ), 500 (ਮਾਣਹਾਨੀ) ਅਤੇ ਇੰਫਰਮੇਸ਼ਨ ਟੈਕਨਾਲਜੀ ਐਕਟ 2000 (ਆਈ ਟੀ ਐਕਟ ਦੀਆਂ ਧਾਰਾਵਾਂ 43 (i) ਅਤੇ 66 ਤਹਿਤ ਪਰਚਾ ਮੋਹਾਲੀ ਜ਼ਿਲ੍ਹੇ ਅਧੀਨ ਪੈਂਦੇ ਮਟੌਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ।
ਬੰਟੀ ਰੋਮਾਣਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਈ ਆਗੂਆਂ ਸਮੇਤ ਮੁਹਾਲੀ ਦੇ ਐਸਐਸਪੀ ਦਫ਼ਤਰ ਪੁੱਜ ਗਏ ਸਨ ਅਤੇ ਪੁਲਿਸ ਦੀ ਕਾਰਵਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ। ਸੁਖਬੀਰ ਬਾਦਲ ਨੇ ਮੁਹਾਲੀ ਦੇ ਐਸਪੀ ਸਿਟੀ ਅਕਾਸ਼ਦੀਪ ਸਿੰਘ ਔਲਖ ਅਤੇ ਐਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਦੇ ਸਾਹਮਣੇ ਪੁਲਿਸ ਦੇ ਰਵੱਈਏ ‘ਤੇ ਇਤਰਾਜ਼ ਜਤਾਇਆ ਵੀ ਜਤਾਇਆ ਸੀ।