ਪਟਿਆਲਾ ‘ਚ ਰੇਲਵੇ ਟ੍ਰੈਕ ‘ਤੇ ਸਾਬਕਾ ਫੌਜੀਆਂ ਨੇ ਲਾਇਆ ਧਰਨਾ, ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਕਰ ਰਹੇ ਹਨ ਪ੍ਰਦਰਸ਼ਨ

ਕੇਂਦਰ ਸਰਕਾਰ ਵੱਲੋਂ ਸਾਬਕਾ ਫੌਜੀਆਂ ਲਈ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਲਾਗੂ ਨਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਾਬਕਾ ਫੌਜੀਆਂ ਨੇ ਸੈਂਕੜਿਆਂ ਦੀ ਗਿੱਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਰੇਲਵੇ ਸਟੇਸ਼ਨ ਉਤੇ ਰੇਲਵੇ ਟ੍ਰੈਕ ‘ਤੇ ਪੱਕਾ ਮੋਰਚਾ ਲਗਾ ਦਿੱਤਾ ਹੈ। ਜਿਸ ਨਾਲ ਦਿੱਲੀ, ਜੰਮੂ, ਅੰਮ੍ਰਿਤਸਰ ਤੱਕ ਜਾਣ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫੌਜੀਆਂ ਵੱਲੋਂ ਆਪਣੀ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਦਿੱਲੀ ਵਿਖੇ ਕੇਂਦਰ ਸਰਕਾਰ ਖਿਲਾਫ਼ ਰੋਸ ਧਰਨਾ ਦੇਣ ਲਈ ਜਾਣਾ ਸੀ ਤਾਂ ਰਸਤੇ ਵਿੱਚ ਹਰਿਆਣਾ ਸਰਕਾਰ ਵੱਲੋਂ ਸਾਬਕਾ ਫੌਜੀਆਂ ਨੂੰ ਹਰਿਆਣਾ ਵਿਖੇ ਬੈਰੀਕੇਟ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਿਸਦੇ ਚਲਦਿਆਂ ਸਾਬਕਾ ਫੌਜੀਆਂ ਨੇ ਰੋਸ ਵੱਜੋਂ ਸੰਭੂ ਰੇਲਵੇ ਸਟੇਸ਼ਨ ‘ਤੇ ਰੇਲਵੇ ਟ੍ਰੈਕ ‘ਤੇ ਧਰਨਾ ਜਾਰੀ ਕਰਦਿਆਂ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅੱਜ ਤੜਕੇ ਸੰਭੂ ਰੇਲਵੇ ਸਟੇਸ਼ਨ ਉਤੇ 250 ਦੇ ਕਰੀਬ ਸਾਬਕਾ ਫੌਜੀ ਧਰਨੇ ‘ਤੇ ਬੈਠ ਗਏ ਸਨ ਪਰ ਦਿਨ ਚੜਦੇ ਹੀ ਹੋਰਨਾਂ ਸ਼ਹਿਰਾਂ ਤੋਂ ਸਾਬਕਾ ਫੌਜੀਆਂ ਅਤੇ ਜੀਓਜ਼ੀ ਦੀ ਵੱਡੀ ਗਿਣਤੀ ਨਾਲ ਸੰਭੂ ਰੇਲਵੇ ਸਟੇਸ਼ਨ ਉਤੇ ਗਿਣਤੀ ਹਜ਼ਾਰਾਂ ਵਿੱਚ ਪਹੁੰਚਦੀ ਨਜ਼ਰ ਆ ਰਹੀ ਹੈ। ਸੰਭੂ ਰੇਲਵੇ ਸਟੇਸ਼ਨ ਉਤੇ ਮਿਲਟਰੀ ਫੋਰਸ ਦੇ ਨਾਲ ਨਾਲ ਰੇਲਵੇ ਪੁਲਿਸ ਪਾਰਟੀ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਕਰ ਦਿੱਤੀ ਗਈ ਹੈ। ਸਾਬਕਾ ਫੌਜੀ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀ ਮੰਗਾਂ ਨਹੀ ਮੰਨਦੀ ਉਦੋਂ ਤੱਕ ਰੇਲਵੇ ਟ੍ਰੈਕ ਉਤੇ ਰੋਸ ਧਰਨਾ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੇਲਵੇ ਟ੍ਰੈਕ ਉਤੇ ਜਲੰਧਰ ਅਤੇ ਅੰਮ੍ਰਿਤਸਰ ਨੇੜੇ ਗੰਨੇ ਦਾ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ ਰੋਸ ਧਰਨਾ ਦਿੱਤਾ ਹੋਇਆ ਸੀ ਤੇ ਉਹ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਖਤਮ ਹੋ ਗਿਆ ਹੈ ਪਰ ਹੁਣ ਸਾਬਕਾ ਫੌਜੀਆਂ ਵੱਲੋਂ ਸੰਭੂ ਰੇਲਵੇ ਟ੍ਰੈਕ ਉਤੇ ਰੋਸ ਧਰਨਾ ਦਿੱਤੇ ਜਾਣ ਦੇ ਨਾਲ ਦਿੱਲੀ ਤੋਂ ਪੰਜਾਬ ਵੱਲ ਆਉਣ ਵਾਲੀਆਂ ਅਤੇ ਜੰਮੂ, ਅੰਮ੍ਰਿਤਸਰ ਵੱਲ ਜਾਣ ਵਾਲੀਆਂ ਰੇਲ ਗੱਡੀਆਂ ਦੀਆਂ ਬਰੇਕਾਂ ਲੱਗ ਗਈਆਂ ਹਨ।

Leave a Reply

Your email address will not be published. Required fields are marked *