ਨਿਊਰਾਲਿੰਕ ਨੂੰ ਲੈਕੇ ਐਲਨ ਮਸਕ ਦਾ ਵੱਡਾ ਦਾਅਵਾ, ਸਿਰਫ਼ ਸੋਚ ਕੇ ਕੰਪਿਊਟਰ ਦੇ ਮਾਊਸ ਨੂੰ ਕੰਟਰੋਲ ਕਰ ਰਿਹਾ ਮਰੀਜ਼
ਦੁਨੀਆ ਦਾ ਪਹਿਲਾ ਵਿਅਕਤੀ ਜਿਸ ਦੇ ਦਿਮਾਗ ਵਿੱਚ ਚਿੱਪ ਹੈ, ਉਹ ਸੋਚ ਕੇ ਹੀ ਕੰਪਿਊਟਰ ਚਲਾ ਰਿਹਾ ਹੈ। ਨਿਊਰਲਿੰਕ ਕੰਪਨੀ ਦੇ ਸੰਸਥਾਪਕ ਅਤੇ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਕਿਹਾ ਹੈ ਕਿ ਜਿਸ ਵਿਅਕਤੀ ਦੇ ਦਿਮਾਗ ‘ਚ ਨਿਊਰਾਲਿੰਕ ਕੰਪਨੀ ਦੀ ਬ੍ਰੇਨ ਚਿੱਪ ਲਗਾਈ ਗਈ ਹੈ, ਉਹ ਕੰਪਿਊਟਰ ਮਾਊਸ ਨੂੰ ਸਕਰੀਨ ‘ਤੇ ਸਿਰਫ਼ ਸੋਚ ਕੇ ਹੀ ਚਲਾਉਣ ਦੇ ਸਮਰੱਥ ਹੈ।
ਐਲਨ ਮਸਕ ਨੇ ਐਕਸ ‘ਤੇ ਕਿਹਾ, ਤਰੱਕੀ ਚੰਗੀ ਹੈ। ਇਦਾਂ ਲੱਗਦਾ ਹੈ ਕਿ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਮਸਕ ਨੇ ਇਹ ਵੀ ਕਿਹਾ ਕਿ ਨਿਊਰਾਲਿੰਕ ਹੁਣ ਵਿਅਕਤੀ ਨੂੰ ਵੱਧ ਤੋਂ ਵੱਧ ਮਾਊਸ ਬਟਨਾਂ ‘ਤੇ ਕਲਿੱਕ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦੱਸ ਦਈਏ ਕਿ ਪਿਛਲੇ ਸਾਲ ਸਤੰਬਰ ਵਿੱਚ ਮਨੁੱਖੀ ਅਜ਼ਮਾਇਸ਼ਾਂ ਲਈ ਮਨਜ਼ੂਰੀ ਤੋਂ ਬਾਅਦ, ਕੰਪਨੀ ਨੇ ਪਿਛਲੇ ਮਹੀਨੇ ਪਹਿਲੀ ਵਾਰ ਮਨੁੱਖੀ ਦਿਮਾਗ ਵਿੱਚ ਇੱਕ ਚਿੱਪ ਲਗਾਈ ਸੀ।
ਇਸ ਦਾ ਉਦੇਸ਼ ਨਿਊਰੋ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਹੈ।
ਨਿਊਰਾਲਿੰਕ ਦੀ ਇਸ ਚਿੱਪ ਦਾ ਨਾਂ ਟੇਲੀਪੈਥੀ ਹੈ। ਚਿੱਪ ਨੂੰ ਦਿਮਾਗ ਦੇ ਸੈੱਲਾਂ ਤੋਂ ਸਿੱਧੇ ਸਿਗਨਲ ਪ੍ਰਾਪਤ ਕਰਨ ਅਤੇ ਬਲੂਟੁੱਥ ਰਾਹੀਂ ਡਿਵਾਈਸਾਂ ਨੂੰ ਜਾਣਕਾਰੀ ਦੇਣ ਲਈ ਤਿਆਰ ਕੀਤਾ ਗਿਆ ਹੈ।
ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿਸ ਵਿਅਕਤੀ ਦੇ ਦਿਮਾਗ ਵਿੱਚ ਚਿਪ ਲਗਾਈ ਗਈ ਸੀ। ਸਰਜਰੀ ਕਿੱਥੇ ਕੀਤੀ ਗਈ ਸੀ, ਇਸ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨਿਊਰਾਲਿੰਕ ਬ੍ਰੇਨ ਚਿੱਪ ਇੰਟਰਫੇਸ ਬਣਾਉਣ ਲਈ ਕੰਮ ਕਰਦੀ ਹੈ। ਇਸ ਪ੍ਰਯੋਗ ਦਾ ਉਦੇਸ਼ ਅਧਰੰਗ ਅਤੇ ਦਿਮਾਗੀ ਪ੍ਰਣਾਲੀ (ਨਿਊਰੋਨ) ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਹੈ।