ਨਿਊਜ਼ੀਲੈਂਡ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਜਿੱਤੀ: ਦੂਜਾ ਮੈਚ 7 ਵਿਕਟਾਂ ਨਾਲ ਹਰਾਇਆ, ਵਿਲੀਅਮਸਨ ਨੇ ਸਮਿਥ ਤੋਂ ਤੇਜ਼ 32ਵਾਂ ਸੈਂਕੜਾ ਲਗਾਇਆ
ਨਿਊਜ਼ੀਲੈਂਡ ਨੇ ਦੂਜੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਨਾਲ ਦੋ ਟੈਸਟ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਜਿੱਤੀ ਹੈ।
ਹੈਮਿਲਟਨ ਦੇ ਸੇਡਨ ਪਾਰਕ ‘ਚ ਖੇਡੇ ਜਾ ਰਹੇ ਦੂਜੇ ਟੈਸਟ ‘ਚ ਨਿਊਜ਼ੀਲੈਂਡ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਮਿਲਿਆ ਸੀ। ਸ਼ੁੱਕਰਵਾਰ ਨੂੰ ਚੌਥੇ ਦਿਨ ਨਿਊਜ਼ੀਲੈਂਡ ਨੇ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਮੈਚ ਦੀ ਦੂਜੀ ਪਾਰੀ ਵਿੱਚ ਸਾਬਕਾ ਕਪਤਾਨ ਕੇਨ ਵਿਲੀਅਮਸਨ ਨੇ ਨਾਬਾਦ ਸੈਂਕੜਾ ਜੜਿਆ। ਵਿਲ ਯੰਗ ਨੇ ਅਜੇਤੂ ਅਰਧ ਸੈਂਕੜਾ ਖੇਡਿਆ। ਦੱਖਣੀ ਅਫਰੀਕਾ ਲਈ ਡੇਨ ਪਿਡਟ ਨੇ ਤਿੰਨੋਂ ਵਿਕਟਾਂ ਲਈਆਂ।
ਤੀਜੇ ਦਿਨ ਨਿਊਜ਼ੀਲੈਂਡ ਨੂੰ 267 ਦੌੜਾਂ ਦਾ ਟੀਚਾ ਮਿਲਿਆ
ਹੈਮਿਲਟਨ ਦੇ ਸੇਡਨ ਪਾਰਕ ‘ਚ ਖੇਡੇ ਜਾ ਰਹੇ ਦੂਜੇ ਟੈਸਟ ‘ਚ ਨਿਊਜ਼ੀਲੈਂਡ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਮਿਲਿਆ ਸੀ। ਦੱਖਣੀ ਅਫਰੀਕਾ ਦੂਜੀ ਪਾਰੀ ‘ਚ 235 ਦੌੜਾਂ ‘ਤੇ ਸਿਮਟ ਗਿਆ ਸੀ। ਟੀਮ ਵੱਲੋਂ ਡੇਵਿਡ ਬੇਡਿੰਘਮ ਨੇ ਸੈਂਕੜਾ ਲਗਾਇਆ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਨਿਊਜ਼ੀਲੈਂਡ ਨੇ ਵੀ ਇਕ ਵਿਕਟ ਦੇ ਨੁਕਸਾਨ ‘ਤੇ 40 ਦੌੜਾਂ ਬਣਾ ਲਈਆਂ ਸਨ।
ਦੂਜੇ ਦਿਨ ਨਿਊਜ਼ੀਲੈਂਡ ਆਲ ਆਊਟ ਹੋ ਗਿਆ
ਹੈਮਿਲਟਨ ਟੈਸਟ ਦੇ ਦੂਜੇ ਦਿਨ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 242 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਦਿਨ ਦੀ ਖੇਡ ਖਤਮ ਹੋਣ ਤੋਂ ਪਹਿਲਾਂ ਹੀ ਟੀਮ ਆਲ ਆਊਟ ਹੋ ਗਈ। ਘਰੇਲੂ ਟੀਮ ਨੇ ਪਹਿਲੀ ਪਾਰੀ ‘ਚ 211 ਦੌੜਾਂ ਬਣਾਈਆਂ ਸਨ, ਉਨ੍ਹਾਂ ਲਈ ਕੋਈ ਵੀ ਬੱਲੇਬਾਜ਼ ਫਿਫਟੀ ਨਹੀਂ ਬਣਾ ਸਕਿਆ।
ਦੱਖਣੀ ਅਫਰੀਕਾ ਨੇ ਪਹਿਲੇ ਦਿਨ 6 ਵਿਕਟਾਂ ਗੁਆ ਦਿੱਤੀਆਂ ਸਨ
ਹੈਮਿਲਟਨ ‘ਚ ਮੰਗਲਵਾਰ ਨੂੰ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 6 ਵਿਕਟਾਂ ਦੇ ਨੁਕਸਾਨ ‘ਤੇ 220 ਦੌੜਾਂ ਬਣਾ ਲਈਆਂ ਸਨ। ਨਿਊਜ਼ੀਲੈਂਡ ਵੱਲੋਂ ਰਚਿਨ ਰਵਿੰਦਰਾ ਨੇ 3 ਵਿਕਟਾਂ ਲਈਆਂ। ਦੱਖਣੀ ਅਫਰੀਕਾ ਵੱਲੋਂ ਡੀ ਸਵਾਰਟ 55 ਦੌੜਾਂ ਬਣਾ ਕੇ ਨਾਟ ਆਊਟ ਰਹੇ ਅਤੇ ਵਾਨ ਬਰਗ 34 ਦੌੜਾਂ ਬਣਾ ਕੇ ਨਾਬਾਦ ਰਹੇ।