ਨਿਊਜ਼ੀਲੈਂਡ ਦੀ ਧਰਤੀ ‘ਤੇ ਪਹਿਲਾ ਧਾਰਮਕ ਬਗ਼ੀਚਾ ਜਿਸ ’ਚ ਬਾਬੇ ਨਾਨਕ ਦੀ ਯਾਦਗਾਰ ਬਣਾਈ ਗਈ
ਲਾਹੌਰ ਸ਼ਹਿਰ ਵਿਚ ਵਸਦੇ ਲੋਕਾਂ ਦੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਤੀ ਕਿੰਨੀ ਸ਼ਰਧਾ ਹੋਵੇਗੀ, ਉਸ ਦੇ ਪ੍ਰਤੱਖ ਦਰਸ਼ਨ ਲਾਹੌਰੀ ਬੀਬੀ ਰਾਹੀਂ ਨਿਊਜ਼ੀਲੈਂਡ ਵਿਚ ਵੀ ਕੀਤੇ ਜਾ ਸਕਦੇ ਹਨ। ਔਕਲੈਂਡ ਤੋਂ ਲਗਭਗ 300 ਕਿਲੋਮੀਟਰ ਦੂਰ ਸਮੁੰਦਰ ਕੰਢੇ ਵਸਿਆ ਸ਼ਹਿਰ ਹੈ ਫਾਕਾਤਾਨੀ। ਇਥੇ ਇਕ ਧਾਰਮਕ ਬਗ਼ੀਚਾ (ਦਾ ਹੋਲੀ ਗਾਰਡਨਜ਼) ਹੈ ਜਿਸ ਦੀ ਆਨ-ਸ਼ਾਨ ਅੱਜ ਵੀ ਬਰਕਰਾਰ ਹੈ।
ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਵੇਗਾ ਇਹ ਧਾਰਮਕ ਬਗ਼ੀਚਾ ਇਕ ਪੰਜਾਬੀ ਕਿਸਾਨ ਪ੍ਰਵਾਰ ਦੀ ਰਿਹਾਇਸ਼ (ਜਾਇਦਾਦ) ਉਤੇ ਬਣਿਆ ਹੋਇਆ ਹੈ। ਸਵ. ਮਿਲਖੀ ਰਾਮ ਪਿੰਡ ਬੁੰਡਾਲਾ (ਜਲੰਧਰ) ਅਤੇ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਰਾਣੀ (ਜਨਮ 1929) ਜੋ ਕਿ 1947 ਦੀ ਵੰਡ ਵੇਲੇ ਲਾਹੌਰ ਤੋਂ ਭਾਰਤ ਆਈ ਸੀ, ਦੇ ਪ੍ਰਵਾਰ ਦਾ ਇਹ ਸ਼ਾਨਾਂਮੱਤੀ ਨਿਵੇਸ਼ ਸੀ, ਜੋ ਅੱਜ ਧਾਰਮਕ ਬਗ਼ੀਚੇ ਦੇ ਰੂਪ ਵਿਚ ਸ਼ਰਧਾ ਤੇ ਰੂਹਾਨੀਅਤ ਦੀ ਖ਼ੁਸ਼ਬੂ ਬਿਖੇਰ ਰਿਹਾ ਹੈ।
ਇਸ ਧਾਰਮਕ ਬਗ਼ੀਚੇ ਦੀ ਜਾਣਕਾਰੀ ਵਾਸਤੇ ਪੰਜਾਬੀ ਮੀਡੀਆ ਕਰਮੀ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਹਰਜੋਤ ਸਿੰਘ ਬੈਂਸ ਅਤੇ ਸ. ਨਵਤੇਜ ਸਿੰਘ ਰੰਧਾਵਾ ਬੀਤੇ ਦਿਨੀਂ ਉਥੇ ਗਏ, ਉਸ ਦੇ ਪ੍ਰਵਾਰ ਨੂੰ ਮਿਲੇ ਅਤੇ ਇਸ ਧਾਰਮਕ ਬਗ਼ੀਚੇ ਦਾ ਦੌਰਾ ਕੀਤਾ। ਇਸ ਧਾਰਮਕ ਬਗ਼ੀਚੇ ਦੇ ਅੰਦਰ 1960 ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦੀ ਮੂਰਤੀ ਸਵ. ਨਿਰਮਲ ਰਾਣੀ ਵਲੋਂ ਸਥਾਪਤ ਕੀਤੀ ਗਈ ਸੀ। ਇਸ ਦੀ ਚਾਰਦੀਵਾਰੀ ਉਤੇ ਖੰਡੇ ਦਾ ਨਿਸ਼ਾਨ ਵੀ ਬਣਿਆ ਹੋਇਆ ਹੈ। ਵਰਨਣਯੋਗ ਹੈ ਕਿ ਇਹ ਉਦੋਂ ਦੀਆਂ ਗੱਲਾਂ ਹਨ ਜਦੋਂ ਨਿਊਜ਼ੀਲੈਂਡ ਵਿਚ ਅਜੇ ਪਹਿਲਾ ਗੁਰਦੁਆਰਾ ਸਾਹਿਬ ਵੀ ਸਥਾਪਤ ਨਹੀਂ ਹੋਇਆ ਸੀ। ਇਥੇ ਪਹਿਲਾ ਗੁਰਦੁਆਰਾ ਸਾਹਿਬ ਹੈਮਿਲਟਨ ਸ਼ਹਿਰ ਵਿਖੇ 28 ਮਈ 1977 ਨੂੰ ਖੋਲ੍ਹਿਆ ਗਿਆ ਸੀ। ਇਸ ਵੇਲੇ ਚੜ੍ਹਦੀ ਕਲਾ ਹੈ ਕਿ 35 ਦੇ ਕਰੀਬ ਗੁਰਦਵਾਰਾ ਸਾਹਿਬ ਮੌਜੂਦ ਹਨ।
ਸ੍ਰੀਮਤੀ ਨਿਰਮਲ ਰਾਣੀ ਦਾ ਪਤੀ ਮਿਲਖੀ ਰਾਮ 1920 ਵਿਚ ਇਥੇ ਆਏ ਸਨ ਅਤੇ ਫਾਕਾਤਾਨੀ ਵਿਖੇ ਲੰਮਾ ਸਮਾਂ ਰਹੇ। ਇਥੇ ਰਹਿਣ ਵਾਲਾ ਇਹ ਪਹਿਲਾ ਪੰਜਾਬੀ ਪ੍ਰਵਾਰ ਸੀ। ਇਨ੍ਹਾਂ ਦੇ ਨਾਂਅ ਦੇ ਪਿੱਛੇ ਇਥੇ ਆ ਕੇ ਫ਼ਰਮਾਹ ਵੀ ਜੁੜ ਗਿਆ ਸੀ। ਇਸ ਵੇਲੇ ਉਥੇ ਦੋ ਸੜਕਾਂ ਦੇ ਨਾਂਅ ਵੀ ਇਸ ਪ੍ਰਵਾਰ ਦੇ ਨਾਂਅ ਉਤੇ ਹਨ। ਇਕ ਦਾ ਨਾਂਅ ਫ਼ਰਮਾਹ ਰੋਡ ਹੈ ਅਤੇ ਦੂਜਾ ਨਿਰਮਲ ਪਲੇਸ ਹੈ।