ਨਾਗਪੁਰ ਦੀ ਸੋਲਰ ਕੰਪਨੀ ‘ਚ ਭਿਆਨਕ ਧਮਾਕਾ, ਕੰਮ ਕਰ ਰਹੇ 9 ਲੋਕਾਂ ਦੀ ਮੌਤ; 3 ਜ਼ਖ਼ਮੀ
ਮਹਾਰਾਸ਼ਟਰ ਦੇ ਨਾਗਪੁਰ ‘ਚ ਬਜ਼ਾਰਗਾਓਂ ਨੇੜੇ ਇਕ ਸੋਲਰ ਵਿਸਫੋਟਕ ਕੰਪਨੀ ‘ਚ ਐਤਵਾਰ ਸਵੇਰੇ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਅਧਿਕਾਰੀਆਂ ਮੁਤਾਬਕ ਜਦੋਂ ਧਮਾਕਾ ਹੋਇਆ ਤਾਂ ਸੋਲਰ ਕੰਪਨੀ ਦੀ ਯੂਨਿਟ ਦੇ ਅੰਦਰ ਕੁੱਲ 12 ਕਰਮਚਾਰੀ ਮੌਜੂਦ ਸਨ। ਇਹ ਧਮਾਕਾ ਫਰਮ ਦੇ ਕਾਸਟ ਬੂਸਟਰ ਪਲਾਂਟ ‘ਚ ਹੋਇਆ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਕ ਟਵੀਟ ‘ਚ ਕਿਹਾ, ”ਇਹ ਬਹੁਤ ਮੰਦਭਾਗਾ ਹੈ ਕਿ ਨਾਗਪੁਰ ‘ਚ ਸੋਲਰ ਇੰਡਸਟਰੀਜ਼ ‘ਚ ਧਮਾਕੇ ‘ਚ 6 ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਇਹ ਉਹ ਕੰਪਨੀ ਹੈ ਜੋ ਰੱਖਿਆ ਬਲਾਂ ਲਈ ਡਰੋਨ ਅਤੇ ਵਿਸਫੋਟਕ ਤਿਆਰ ਕਰਦੀ ਹੈ। ਨਾਗਪੁਰ ਦੇ ਕਲੈਕਟਰ ਅਤੇ ਪੁਲਿਸ ਸੁਪਰਡੈਂਟ ਲਗਾਤਾਰ ਸੰਪਰਕ ਵਿੱਚ ਹਨ ਅਤੇ ਆਈਜੀ, ਐਸਪੀ ਅਤੇ ਕਲੈਕਟਰ ਮੌਕੇ ‘ਤੇ ਹਨ। ਸੂਬਾ ਸਰਕਾਰ ਇਸ ਘਟਨਾ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਦੇਵੇਗੀ।”
ਇਸ ਤੋਂ ਪਹਿਲਾਂ 29 ਨਵੰਬਰ ਨੂੰ ਗੁਜਰਾਤ ਦੇ ਸੂਰਤ ਵਿੱਚ ਇੱਕ ਕੈਮੀਕਲ ਪਲਾਂਟ ਵਿੱਚ ਧਮਾਕਾ ਹੋਇਆ ਸੀ ਜਿਸ ਵਿੱਚ 24 ਮਜ਼ਦੂਰ ਜ਼ਖ਼ਮੀ ਹੋ ਗਏ ਸਨ। ਪੀਟੀਆਈ ਦੀ ਰਿਪੋਰਟ ਅਨੁਸਾਰ ਜਲਣਸ਼ੀਲ ਰਸਾਇਣ ਇੱਕ ਵੱਡੇ ਟੈਂਕ ਵਿੱਚ ਸਟੋਰ ਕੀਤੇ ਗਏ ਸਨ ਜਿਸ ਵਿੱਚ ਲੀਕੇਜ ਸੀ। ਲੀਕੇਜ ਦੇ ਫਲਸਰੂਪ ਇੱਕ ਧਮਾਕਾ ਹੋਇਆ ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਨੇ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸੂਰਤ ਦੇ ਇੰਚਾਰਜ ਮੁੱਖ ਅੱਗ ਬੁਝਾਊ ਅਧਿਕਾਰੀ ਬਸੰਤ ਪਾਰੀਕ ਨੇ ਕਿਹਾ, “ਘੱਟੋ-ਘੱਟ 24 ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।”
ਇਕ ਹੋਰ ਅਧਿਕਾਰੀ ਨੇ ਘਟਨਾ ਬਾਰੇ ਗੱਲ ਕਰਦੇ ਹੋਏ ਕਿਹਾ, “ਧਮਾਕੇ ਕਾਰਨ ਫੈਕਟਰੀ ਦੀ ਤਿੰਨ ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ ਅਤੇ ਇਸ ਨੇ ਪੂਰੀ ਯੂਨਿਟ ਨੂੰ ਆਪਣੀ ਲਪੇਟ ਵਿਚ ਲੈ ਲਿਆ।”