ਨਵਾਂ ਰਿਕਾਰਡ : ਪੰਜਾਬਣ ਨੇ ਅੰਟਾਰਕਟਿਕਾ ’ਤੇ ਬਣਾਇਆ ਸਕੀਇੰਗ ਰਿਕਾਰਡ, 1130 ਕਿਲੋਮੀਟਰ ਸਫ਼ਰ ਕਰ ਕੇ ਬਣੀ ‘ਪੋਲਰ ਕੌਰ’
ਇੰਗਲੈਂਡ ਦੀ ਫ਼ੌਜੀ ਫ਼ਿਜ਼ੀਓਥੈਰਾਪਿਸਟ ਕੈਪਟਨ ਹਰਪ੍ਰੀਤ ਕੌਰ ਚੰਦੀ ਨੇ ਧਰਤੀ ਦੇ ਦੱਖਣੀ ਧਰੁਵ ਭਾਵ ਅੰਟਾਰਕਟਿਕਾ ’ਤੇ ਆਪਣੀ ਸਕੀਇੰਗ ਨਾਲ ਨਵਾਂ ਰਿਕਾਰਡ ਕਾਇਮ ਕਰ ਦਿਖਾਇਆ ਹੈ। ਉਸ ਨੇ ਇਕੱਲਿਆਂ ਅੰਟਾਰਕਟਿਕਾ ਦੀ 1,130 ਕਿਲੋਮੀਟਰ ਲੰਮੀ ਬਰਫ਼ਾਨੀ ਚਾਦਰ ਦਾ ਸਫ਼ਰ ਸਕੀਇੰਗ ਕਰਦਿਆਂ 31 ਦਿਨਾਂ, 13 ਘੰਟਿਆਂ ਤੇ 19 ਮਿੰਟਾਂ ’ਚ ਮੁਕੰਮਲ ਕੀਤਾ ਹੈ। ਇਸ ਤੋਂ ਪਹਿਲਾਂ ਕੋਈ ਵੀ ਔਰਤ ਅਜਿਹਾ ਰਿਕਾਰਡ ਕਾਇਮ ਨਹੀਂ ਕਰ ਸਕੀ। ਇਹ ਹਰਪ੍ਰੀਤ ਕੌਰ ਦਾ ਦਾਅਵਾ ਹੈ; ਗਿੰਨੀਜ਼ ਬੁੱਕ ਆੱਫ਼ ਰਿਕਾਰਡ ਨੇ ਹਾਲੇ ਇਸ ਦਾਅਵੇ ਦੀ ਪੁਸ਼ਟੀ ਕਰਨੀ ਹੈ ਪਰ ਇਸ ਪੁਸ਼ਟੀ ਤੋਂ ਪਹਿਲਾਂ ਹੀ ਲੋਕ ਉਸ ਨੂੰ ‘ਪੋਲਰ ਕੌਰ’ ਆਖਣ ਲੱਗ ਪਏ ਹਨ। ਉਂਜ ਇਸ ਤੋਂ ਪਹਿਲਾਂ ਦੋ ਜਣੇ ਸਕੀਇੰਗ ਕਰਦਿਆਂ ਦੱਖਣੀ ਧਰੁਵ ਨੂੰ ਪਾਰ ਕਰ ਚੁੱਕੇ ਹਨ।
34 ਸਾਲਾ ਕੈਪਟਨ ਹਰਪ੍ਰੀਤ ਕੌਰ ਚੰਦੀ ਇਸ ਤੋਂ ਪਹਿਲਾਂ ਸਾਲ 2021 ’ਚ ਅੰਟਾਰਕਟਿਕਾ ਦੀ 700 ਮੀਲ ਲੰਮੀ ਯਾਤਰਾ ਇਕੱਲਿਆਂ ਮੁਕੰਮਲ ਕਰਨ ਵਾਲੀ ਪਹਿਲੀ ਗ਼ੈਰ-ਗੋਰੀ ਔਰਤ ਬਣ ਗਈ ਸੀ। ਹੁਣ ਨਵਾਂ ਮਾਅਰਕਾ ਮਾਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਇਸ ਮੁਹਿੰਮ ਨੇ ਭਾਵੇਂ ਉਸ ਨੂੰ ਥਕਾ ਦਿੱਤਾ ਹੈ ਪਰ ਇਸ ਨੂੰ ਮੁਕੰਮਲ ਕਰਨ ਦੀ ਉਸ ਨੂੰ ਡਾਹਢੀ ਖ਼ੁਸ਼ੀ ਹੈ। ਉਸ ਨੇ ਕਿਹਾ ਕਿ ਸਕੀਇੰਗ ਦਾ ਆਪਣਾ ਵੱਖਰਾ ਹੀ ਆਨੰਦ ਹੈ ਪਰ ਤੇਜ਼ ਰਫ਼ਤਾਰ ਨਾਲ ਇਕ ਰਿਕਾਰਡ ਕਾਇਮ ਕਰਨਾ ਬਿਲਕੁਲ ਵੱਖਰਾ ਵਿਸ਼ਾ ਹੈ।
ਪਹਿਲਾ ਰਿਕਾਰਡ ਹੈ ਕੈਨੇਡਾ ਦੀ ਕੈਰੋਲੀਨ ਕੋਟ ਦੇ ਨਾਂ
ਗਿੰਨੀਜ਼ ਬੁੱਕ ਆੱਫ਼ ਵਰਲਡ ਰਿਕਾਰਡਜ਼ ਨੂੰ ਹਰਪ੍ਰੀਤ ਕੌਰ ਚੰਦੀ ਦੇ ਦਾਅਵੇ ਦੀ ਪੁਸ਼ਟੀ ਕਰਨ ’ਚ ਕਈ ਮਹੀਨੇ ਲੱਗ ਸਕਦੇ ਹਨ। ਦਰਅਸਲ, ਪਹਿਲਾਂ ਸਕੀਇੰਗ ਕਰਦਿਆਂ ਤੇਜ਼ ਰਫ਼ਤਾਰ ਨਾਲ ਦੱਖਣੀ ਧਰੁਵ ਦਾ ਬਰਫ਼ਾਨੀ ਸਫ਼ਰ ਮੁਕੰਮਲ ਕਰਨ ਦਾ ਰਿਕਾਰਡ ਕੈਨੇਡਾ ਦੀ ਕੈਰੋਲੀਨ ਕੋਟ ਦੇ ਨਾਂਅ ਹੈ। ਉਂਜ ਹਰਪ੍ਰੀਤ ਕੌਰ ਨੇ ਕੈਰੋਲੀਨ ਦੇ ਮੁਕਾਬਲੇ ਇਹ 1,130 ਕਿਲੋਮੀਟਰ ਦੀ ਦੂਰੀ ਇੱਕ ਦਿਨ, 14 ਘੰਟੇ 34 ਮਿੰਟ ਪਹਿਲਾਂ ਤਹਿ ਕੀਤੀ ਹੈ। ਹਰਪ੍ਰੀਤ ਕੌਰ ਨੇ ਪਿਛਲੇ ਸਾਲ 26 ਨਵੰਬਰ ਨੂੰ ਰੌਨੀ ਆਈਸ ਸ਼ੈਲਫ਼ ਦੀ ਹਰਕੁਲੀਸ ਇਨਲੈੱਟ ਤੋਂ ਆਪਣੀ ਸਕੀਇੰਗ ਯਾਤਰਾ ਸ਼ੁਰੂ ਕੀਤੀ ਸੀ। ਉਹ ਬੀਤੀ 28 ਦਸੰਬਰ ਨੂੰ ਇੰਗਲੈਂਡ ਦੇ ਸਮੇਂ ਮੁਤਾਬਕ ਤੜਕੇ 2.24 ਵਜੇ ਦੱਖਣੀ ਧਰੁਵ ’ਤੇ ਪੁੱਜ ਗਈ ਸੀ। ਉਸ ਨੇ 75 ਕਿਲੋਗ੍ਰਾਮ ਦੀ ਸਲੇਜ ’ਤੇ ਇਕ ਦਿਨ ’ਚ ਔਸਤਨ 12 ਤੋਂ 13 ਘੰਟੇ ਸਕੀਇੰਗ ਕੀਤੀ। ਉਸ ਸਲੇਜ ਉੱਤੇ ਹਰਪ੍ਰੀਤ ਕੌਰ ਨੇ ਉਹ ਸਭ ਕੁਝ ਰੱਖਿਆ ਹੋਇਆ ਸੀ, ਜੋ ਕੁਝ ਉਸ ਮਨਫ਼ੀ 30 ਡਿਗਰੀ ਤਾਪਮਾਨ ਵਾਲੇ ਬਰਫ਼ਾਨੀ ਇਲਾਕੇ ’ਚ ਮਨੁੱਖ ਨੂੰ ਜਿਊਣ ਲਈ ਚਾਹੀਦਾ ਹੈ।
ਡਰਬੀ ’ਚ ਰਹਿੰਦੇ ਪੰਜਾਬੀ ਪਰਿਵਾਰ ਦੀ ਧੀਅ ਹੈ ਚੰਦੀ
ਇੰਗਲੈਂਡ ਦੇ ਸ਼ਹਿਰ ਡਰਬੀ ’ਚ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਧੀ ਹਰਪ੍ਰੀਤ ਕੌਰ ਚੰਦੀ ਨੇ ਅੰਟਾਰਕਟਿਕਾ ਨੂੰ ਧਰਤੀ ਦੀ ਅਦਭੁਤ ਜਗ੍ਹਹਾ ਦੱਸਿਆ। ਉਸ ਨੇ ਕਿਹਾ ਕਿ ਉਹ ਦੱਖਣੀ ਧਰੁਵ ਦੀ ਸ਼ੁਕਰਗੁਜ਼ਾਰ ਹੈ ਕਿ ਉਸ ਦੀ ਯਾਤਰਾ ਦੌਰਾਨ ਕੋਈ ਵੱਡਾ ਤੂਫ਼ਾਨੀ ਅੜਿੱਕਾ ਨਹੀਂ ਪਿਆ। ਉਂਜ ਵੀ ਉਸ ਨੂੰ ਬਿਖੜੇ ਪੈਂਡਿਆਂ ਨਾਲ ਜੂਝਣ ਦੀ ਫ਼ੌਜੀ ਸਿਖਲਾਈ ਮਿਲੀ ਹੋਈ ਹੈ। ਉਹ ਇੰਗਲੈਂਡ ਦੀ ਫ਼ੌਜ ਦੇ ਜ਼ਖ਼ਮੀ ਜਵਾਨਾਂ ਤੇ ਅਧਿਕਾਰੀਆਂ ਨੂੰ ਲੁੜੀਂਦੀਆਂ ਕਸਰਤਾਂ ਰਾਹੀਂ ਉਨ੍ਹਾਂ ਦੇ ਮੁੜ-ਵਸੇਬੇ ’ਚ ਵੱਡੀ ਮਦਦ ਕਰਦੀ ਰਹੀ ਹੈ। ਯੂਕੇ ਦੀ ਟੈਰੀਟੋਰੀਅਲ ਆਰਮੀ ’ਚ ਉਹ ਸਾਲ 2008 ’ਚ ਭਰਤੀ ਹੋਈ ਸੀ।
ਹਰਪ੍ਰੀਤ ਕੌਰ ਚੰਦੀ ਨੂੰ ਪਿੱਛੇ ਜਿਹੇ ‘ਮੈਂਬਰ ਆਫ ਦਿ ਬ੍ਰਿਟਿਸ਼ ਐਂਪਾਇਰ’ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ ਇੰਗਲੈਂਡ ਦੇ ਰੱਖਿਆ ਖੇਤਰ ਦੀਆਂ ਔਰਤਾਂ ਦੇ ਵਰਗ ’ਚ ਸਾਲ 2022 ਦਾ ‘ਵੋਮੈਨ ਆਫ ਦਿ ਈਅਰ’ ਪੁਰਸਕਾਰ ਵੀ ਮਿਲ ਚੁੱਕਾ ਹੈ।