ਧੋਖਾਧੜੀ ਮਾਮਲੇ ’ਚ ਗਵਾਹੀ ਦੌਰਾਨ ਜੱਜ ਨਾਲ ਭਿੜੇ ਡੋਨਾਲਡ ਟਰੰਪ, ਲਗਾਇਆ ਪੱਖਪਾਤ ਦਾ ਦੋਸ਼

ਧੋਖਾਧੜੀ ਮਾਮਲੇ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਗਵਾਹੀ ਦੇਣ ਸੋਮਵਾਰ ਨੂੰ ਨਿਊਯਾਰਕ ਕੋਰਟ ’ਚ ਪੇਸ਼ ਹੋਏ। ਇਸ ਦੌਰਾਨ ਕੋਰਟ ’ਚ ਟਰੰਪ ਦੀ ਜੱਜ ਨਾਲ ਝੜਪ ਹੋ ਗਈ। ਗਵਾਹੀ ਦੇਣ ਕੋਰਟ ’ਚ ਜਦੋਂ ਟਰੰਪ ਆਏ ਤਾਂ ਉਹ ਲੰਬਾ ਬਿਆਨ ਦੇਣ ਲੱਗੇ। ਇਸ ’ਤੇ ਜੱਜ ਨੇ ਉਨ੍ਹਾਂ ਨੂੰ ਝਿੜਕਦੇ ਹੋਏ ਕਿਹਾ ਕਿ ਇਹ ਕੋਰਟ ਰੂਮ ਹੈ, ਕੋਈ ਸਿਆਸੀ ਰੈਲੀ ਨਹੀਂ, ਤੁਸੀਂ ਸਵਾਲ ਦੇ ਜਵਾਬ ’ਤੇ ਆਪਣਾ ਧਿਆਨ ਕੇਂਦਰਿਤ ਕਰੋ। ਇਸ ਤੋਂ ਬਾਅਦ ਟਰੰਪ ਜੱਜ ਨਾਲ ਹੀ ਉਲਝ ਗਏ ਤੇ ਉਨ੍ਹਾਂ ’ਤੇ ਪੱਖਪਾਤ ਕਰਨ ਦਾ ਦੋਸ਼ ਲਗਾਇਆ।

ਸਾਬਕਾ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੇ ਦੋਵਾਂ ਬੇਟਿਆਂ ’ਤੇ ਆਪਣਾ ਰੀਅਲ ਅਸਟੇਟ ਕਾਰੋਬਾਰ ਵਧਾਉਣ ਲਈ ਬੈਂਕਾਂ, ਬੀਮਾ ਕੰਪਨੀਆਂ ਤੇ ਹੋਰਨਾਂ ਤੋਂ ਰਿਆਇਤ ਹਾਸਲ ਕਰਨ ਲਈ ਆਪਣੀ ਜਾਇਦਾਦ ਦਾ ਮੁਲਾਂਕਣ ਵਧਾ-ਚੜ੍ਹਾ ਕੇ ਪੇਸ਼ ਕਰਨ ਤੇ ਵਿੱਤੀ ਦਸਤਾਵੇਜ਼ਾਂ ’ਚ ਹੇਰਾਫੇਰੀ ਦਾ ਦੋਸ਼ ਹੈ। ਮਾਮਲੇ ਦੀ ਸੁਣਵਾਈ ਜੱਜ ਆਰਥਰ ਐਂਗੋਰੋਨ ਦੀ ਅਦਾਲਤ ਕਰ ਰਹੀ ਹੈ।

ਟਰੰਪ ਦੇ ਦੋਹਰਾਅ ਵਾਲੇ ਬਿਆਨ ਤੇ ਲੰਬੇ ਬਿਆਨ ਤੋਂ ਪਰੇਸ਼ਾਨ ਹੋ ਕੇ ਜੱਜ ਐਂਗੋਰੋਨ ਨੇ ਕਿਹਾ ਕਿ ਸਾਡੇ ਕੋਲ ਬਰਬਾਦ ਕਰਨ ਲਈ ਸਮਾਂ ਨਹੀਂ ਹੈ। ਟਰੰਪ ਜੱਜ ਐਂਗੋਰੋਨ ਤੇ ਨਿਊਯਾਰਕ ਦੇ ਅਟਾਰਨੀ ਜਨਰਲ ਲੇਟੀਟੀਆ ਜੇਮਜ਼ ’ਤੇ ਸਿਆਸੀ ਧਾਰਨਾ ਦਾ ਦੋਸ਼ ਲਗਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਜੱਜ ਐਂਗੋਰੋਨ ਉਨ੍ਹਾਂ ਖ਼ਿਲਾਫ਼ ਫ਼ੈਸਲਾ ਸੁਣਾਉਣਗੇ। ਟਰੰਪ ’ਤੇ ਇਸ ਤੋਂ ਇਲਾਵਾ ਚੋਣ ਦਖ਼ਲ ਸਮੇਤ ਕਈ ਹੋਰ ਮਾਮਲੇ ਹਨ। ਦੋਸ਼ੀ ਪਾਏ ਜਾਣ ’ਤੇ ਵ੍ਹਾਈਟ ਹਾਊਸ ’ਚ ਉਨ੍ਹਾਂ ਦੀ ਵਾਪਸੀ ਦਾ ਰਸਤਾ ਮੁਸ਼ਕਲ ਹੋ ਸਕਦਾ ਹੈ।

2024 ਦੀ ਚੋਣ ’ਚ ਬਾਇਡਨ ਨੂੰ ਹੋ ਸਕਦੀ ਹੈ ਮੁਸ਼ਕਲ : ਪ੍ਰਮਿਲਾ

ਭਾਰਤਵੰਸ਼ੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਲਈ 2024 ਦੀ ਚੋਣ ਮੁਸ਼ਕਲਾਂ ਭਰੀ ਹੋ ਸਕਦੀ ਹੈ। ਡੈਮੋਕ੍ਰੇਟ ਸੰਸਦ ਮੈਂਬਰ ਨੇ ਕਿਹਾ ਕਿ ਨਵੇਂ ਸਰਵੇ ’ਚ ਬਾਇਡਨ ਪੱਛੜਦੇ ਨਜ਼ਰ ਆ ਰਹੇ ਹਨ। ਇਹ ਸਾਡੀ ਡੈਮੋਕ੍ਰੇਟਿਕ ਪਾਰਟੀ ਲਈ ਠੀਕ ਨਹੀਂ ਹੈ। ਹਾਲੀਆ ਏਰਿਜੋਨਾ, ਜਾਰਜੀਆ, ਮਿਸ਼ੀਗਨ, ਨੇਵਾਦਾ ਤੇ ਪੈਨਸਿਲਵੇਨੀਆ ’ਚ ਨਿਊਯਾਰਕ ਟਾਈਮਜ਼ ਤੇ ਸਿਏਨਾ ਕਾਲਜ ਦੇ ਚੋਣ ਸਰਵੇ ’ਚ ਬਾਇਡਨ ਨੂੰ ਟਰੰਪ ਤੋਂ ਪੱਛੜਦੇ ਹੋਏ ਦਿਖਾਇਆ ਗਿਆ ਹੈ।

Leave a Reply

Your email address will not be published. Required fields are marked *