ਦੱਖਣੀ ਅਫਰੀਕਾ ਦੇ ਨਾਮ ਰਿਹਾ ਪਹਿਲਾ ਦਿਨ, 208/8 ‘ਤੇ ਪਹੁੰਚੀ ਟੀਮ ਇੰਡੀਆ; ਅਖੀਰ ‘ਚ ਮੀਂਹ ਨੇ ਖਰਾਬ ਕੀਤਾ ਖੇਡ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ 26 ਦਸੰਬਰ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਪਹਿਲੇ ਮੈਚ ਦੇ ਪਹਿਲੇ ਹੀ ਦਿਨ ਮੇਜ਼ਬਾਨ ਦੱਖਣੀ ਅਫਰੀਕਾ ਦੀ ਟੀਮ ਭਾਰਤ ‘ਤੇ ਪੂਰੀ ਤਰ੍ਹਾਂ ਹਾਵੀ ਨਜ਼ਰ ਆਈ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ 59 ਓਵਰਾਂ ‘ਚ 8 ਵਿਕਟਾਂ ‘ਤੇ 208 ਦੌੜਾਂ ਬਣਾ ਲਈਆਂ ਸਨ। ਦਿਨ ਦੇ ਅਖੀਰ ਵਿੱਚ ਮੀਂਹ ਕਾਰਨ ਖੇਡ ਵਿੱਚ ਵਿਘਨ ਪਿਆ ਅਤੇ ਮੈਚ ਰੋਕ ਦਿੱਤਾ ਗਿਆ ਅਤੇ ਮੁੜ ਸ਼ੁਰੂ ਨਹੀਂ ਹੋ ਸਕਿਆ। ਭਾਰਤ ਲਈ ਕੇਐਲ ਰਾਹੁਲ 70 ਅਤੇ ਮੁਹੰਮਦ ਸਿਰਾਜ ਬਿਨਾਂ ਖਾਤਾ ਖੋਲ੍ਹੇ ਨਾਬਾਦ ਪਰਤ ਗਏ। ਅਫਰੀਕੀ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ।
ਸੈਂਚੁਰੀਅਨ ‘ਚ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਪੂਰੀ ਤਰ੍ਹਾਂ ਬੰਨ੍ਹ ਕੇ ਰੱਖਿਆ। ਭਾਰਤੀ ਟੀਮ ਨੇ ਲਗਾਤਾਰ ਵਿਕਟਾਂ ਗੁਆਈਆਂ। ਮੈਨ ਇਨ ਬਲੂ ਲਈ ਸਭ ਤੋਂ ਵੱਡੀ ਸਾਂਝੇਦਾਰੀ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਚੌਥੇ ਵਿਕਟ ਲਈ ਕੀਤੀ। ਕੋਹਲੀ ਅਤੇ ਅਈਅਰ ਨੇ ਚੌਥੀ ਵਿਕਟ ਲਈ 68 ਦੌੜਾਂ (95 ਗੇਂਦਾਂ) ਦੀ ਸਾਂਝੇਦਾਰੀ ਕੀਤੀ। ਕੇਐੱਲ ਰਾਹੁਲ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ 50 ਦੌੜਾਂ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ।
ਮੇਜ਼ਬਾਨ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਟੀਮ ਦੇ ਗੇਂਦਬਾਜ਼ਾਂ ਨੇ ਬਿਲਕੁਲ ਸਹੀ ਠਹਿਰਾਇਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ ਪਹਿਲਾ ਝਟਕਾ 5ਵੇਂ ਓਵਰ ‘ਚ ਕਪਤਾਨ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਿਆ, ਜੋ 1 ਚੌਕੇ ਦੀ ਮਦਦ ਨਾਲ 5 ਦੌੜਾਂ ਬਣਾ ਕੇ ਕਾਗਿਸੋ ਰਬਾਡਾ ਦਾ ਸ਼ਿਕਾਰ ਬਣੇ।
ਫਿਰ ਕੁਝ ਸਮੇਂ ਬਾਅਦ ਯਾਨੀ 10ਵੇਂ ਓਵਰ ‘ਚ ਦੂਜੇ ਓਪਨਰ ਬੱਲੇਬਾਜ਼ ਯਸ਼ਸਵੀ ਜੈਸਵਾਲ 4 ਚੌਕਿਆਂ ਦੀ ਮਦਦ ਨਾਲ 17 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਨਾਂਦਰੇ ਬਰਗਰ ਨੇ ਜੈਸਵਾਲ ਨੂੰ ਆਪਣਾ ਸ਼ਿਕਾਰ ਬਣਾਇਆ। ਅਜੇ ਟੀਮ ਇੰਡੀਆ ਦੋ ਵਿਕਟਾਂ ਜਲਦੀ ਡਿੱਗਣ ਦੇ ਸਦਮੇ ਤੋਂ ਉਭਰ ਨਹੀਂ ਸਕੀ ਸੀ, ਜਦੋਂ 12ਵੇਂ ਓਵਰ ‘ਚ ਟੀਮ ਨੂੰ ਤੀਜਾ ਝਟਕਾ ਸ਼ੁਭਮਨ ਗਿੱਲ ਦੇ ਰੂਪ ‘ਚ ਲੱਗਿਆ, ਜੋ ਸਿਰਫ 02 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਲੰਬੇ ਸਮੇਂ ਤੱਕ ਪਾਰੀ ਨੂੰ ਸੰਭਾਲਿਆ ਅਤੇ ਚੌਥੀ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦਾ ਅੰਤ 27ਵੇਂ ਓਵਰ ਵਿੱਚ ਸ਼੍ਰੇਅਸ ਅਈਅਰ ਦੀ ਵਿਕਟ ਦੇ ਨਾਲ ਹੋਇਆ। ਅਈਅਰ ਨੇ 3 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 31 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਥੋੜ੍ਹੀ ਦੇਰ ਬਾਅਦ ਵਿਰਾਟ ਕੋਹਲੀ ਨੇ ਵੀ ਅਜਿਹਾ ਕੀਤਾ। ਕਾਗਿਸੋ ਰਬਾਡਾ ਨੇ 31ਵੇਂ ਓਵਰ ਵਿੱਚ ਕੋਹਲੀ ਨੂੰ ਆਪਣਾ ਸ਼ਿਕਾਰ ਬਣਾਇਆ। ਕੋਹਲੀ ਨੇ 5 ਚੌਕਿਆਂ ਦੀ ਮਦਦ ਨਾਲ 38 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਬਾਅਦ 35ਵੇਂ ਓਵਰ ‘ਤੇ ਸੱਤਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਆਰ ਅਸ਼ਵਿਨ 2 ਚੌਕਿਆਂ ਦੀ ਮਦਦ ਨਾਲ 08 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਫਿਰ 46ਵੇਂ ਓਵਰ ‘ਚ ਚੰਗੀ ਪਾਰੀ ਖੇਡ ਰਹੇ ਸ਼ਾਰਦੁਲ ਠਾਕੁਰ ਨੂੰ 24 ਦੌੜਾਂ ਦੇ ਨਿੱਜੀ ਸਕੋਰ ‘ਤੇ ਰਬਾਡਾ ਨੇ ਆਊਟ ਕਰ ਦਿੱਤਾ। ਸ਼ਾਰਦੁਲ ਨੇ ਆਪਣੀ ਪਾਰੀ ‘ਚ 3 ਚੌਕੇ ਲਗਾਏ। ਇਸ ਤੋਂ ਬਾਅਦ ਟੀਮ ਇੰਡੀਆ ਨੇ ਦਿਨ ਦਾ ਆਖਰੀ ਵਿਕਟ ਜਸਪ੍ਰੀਤ ਬੁਮਰਾਹ ਦੇ ਰੂਪ ‘ਚ ਗਵਾਇਆ, ਜਿਸ ਨੇ 19 ਗੇਂਦਾਂ ‘ਚ 1 ਦੌੜ ਬਣਾਈ।
ਇਸ ਤੋਂ ਬਾਅਦ ਕੇਐਲ ਰਾਹੁਲ ਅਤੇ ਮੁਹੰਮਦ ਸਿਰਾਜ ਨੇ ਖੇਡ ਨੂੰ ਅੱਗੇ ਵਧਾਇਆ, ਪਰ ਮੀਂਹ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ 59 ਓਵਰਾਂ ਤੋਂ ਬਾਅਦ ਖੇਡ ਰੁੱਕ ਗਈ ਅਤੇ ਮੁੜ ਸ਼ੁਰੂ ਨਹੀਂ ਹੋ ਸਕਿਆ। ਇਸ ਤਰ੍ਹਾਂ ਮੁਕਾਬਲੇ ਦਾ ਪਹਿਲਾ ਦਿਨ ਸਮਾਪਤ ਹੋਇਆ। ਦਿਨ ਦੇ ਅੰਤ ਤੱਕ ਕੇਐਲ ਰਾਹੁਲ ਨੇ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾ ਲਈਆਂ ਸਨ। ਇਸ ਤੋਂ ਇਲਾਵਾ ਮੁਹੰਮਦ ਸਿਰਾਜ ਬਿਨਾਂ ਖਾਤਾ ਖੋਲ੍ਹੇ 10 ਗੇਂਦਾਂ ਖੇਡ ਕੇ ਉਸ ਦੇ ਨਾਲ ਕ੍ਰੀਜ਼ ‘ਤੇ ਮੌਜੂਦ ਹਨ।
ਅਫਰੀਕੀ ਗੇਂਦਬਾਜ਼ਾਂ ਨੇ ਮਚਾਈ ਤਬਾਹੀ
ਦੱਖਣੀ ਅਫਰੀਕਾ ਲਈ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਰਬਾਡਾ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਵੱਡੇ ਵਿਕਟ ਲਏ। ਇਸ ਤੋਂ ਇਲਾਵਾ ਡੈਬਿਊ ਕਰਨ ਵਾਲੇ ਨੈਂਡਰੇ ਬਰਗਰ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ। ਜਦੋਂ ਕਿ ਮਾਰਕੋ ਯੈਨਸਨ ਨੂੰ ਇੱਕ ਸਫਲਤਾ ਮਿਲੀ ਸੀ।