ਦਿੱਲੀ ਮੋਰਚੇ ਦਾ ਫਿਰ ਤੋਂ ਵੱਜਿਆ ਬਿਗਲ, 18 ਉੱਤਰ ਭਾਰਤੀ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਾਂਝੇ ਰੂਪ ’ਚ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ
ਉਤਰੀ ਭਾਰਤ ਦੀਆਂ 18 ਕਿਸਾਨ ਮਜਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ ) ਦੇ ਸਾਂਝੇ ਸੱਦੇ ਤੇ ਹੋਈ ਜੰਡਿਆਲਾ ਗੁਰੂ ਦਾਣਾ ਮੰਡੀ ਦੀ ਮਹਾਰੈਲੀ ਵਿਚ ਲੱਖਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਦੋਵਾਂ ਫੋਰਮਾਂ ਵੱਲੋਂ 13 ਫਰਵਰੀ ਨੂੰ ਸਾਂਝੇ ਦਿੱਲੀ ਕੂਚ ਦਾ ਐਲਾਨ ਕਰ ਕੇ ਇੱਕ ਵਾਰ ਫੇਰ ਤੋਂ ਦਿੱਲੀ ਮੋਰਚੇ ਦੇ ਬਿਗੁਲ ਫੂਕ ਦਿੱਤੇ ਗਏ ਹਨ।
ਇਸ ਮੌਕੇ ਆਗੂਆਂ ਨੇ ਲੋਕਾਂ ਦੇ ਉਮੜੇ ਜਨ ਸੈਲਾਬ ਨੂੰ ਸੰਬੋਧਨ ਹੁੰਦੇ ਕਿਹਾ ਕਿ ਕੇਂਦਰ ਵਿਚ ਆਈਆਂ ਸਭ ਸਰਕਾਰਾਂ ਨੇ ਦੇਸ਼ ਦੇ ਹਰ ਤਰ੍ਹਾਂ ਦੇ ਸਰੋਤਾਂ ਨੂੰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਦੇਸ਼ ਵੇਚਣ ਵਾਲੀਆਂ ਨੀਤੀਆਂ ਤਹਿਤ ਕੰਮ ਕੀਤਾ ਹੈ ਅਤੇ 10 ਸਾਲ ਤੋਂ ਭਾਜਪਾ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਅੱਗੇ ਵਧ ਕੇ ਕੰਮ ਕਰ ਰਹੀ ਹੈ ਅਤੇ ਅੱਜ ਦੇਸ਼ ਦੇ ਖੇਤੀ ਸੈਕਟਰ ਅਤੇ ਜ਼ਮੀਨਾਂ ’ਤੇ ਕਾਰਪੋਰੇਟ ਦੇ ਕਬਜ਼ੇ ਕਰਵਾਉਣ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ ਜਿਸ ਨਾਲ ਕਿਸਾਨਾਂ ਮਜ਼ਦੂਰਾਂ ਦੀ ਤਬਾਹੀ ਨਿਸ਼ਚਿਤ ਹੈ।
ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇੱਕਠ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਸਾਰੀਆਂ ਫਸਲਾਂ ਦੀ ਖਰੀਦ ਤੇ ਐਮਐਸਪੀ ਗਰੰਟੀ ਕਨੂੰਨ ਬਣਾ ਕੇ ਫ਼ਸਲਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲੀ ਬੀਮਾ ਯੋਜਨਾ ਸਰਕਾਰ ਦੁਆਰਾ ਲਾਗੂ ਕੀਤੀ ਜਾਵੇ, ਕਿਸਾਨ ਅਤੇ ਖੇਤ ਮਜਦੂਰ ਦੀ ਪੂਰਨ ਕਰਜ਼ ਮੁਕਤੀ ਕੀਤੀ ਜਾਵੇ, ਜ਼ਮੀਨ ਐਕਵਾਇਰ ਕਰਨ ਸਬੰਧੀ 2013 ਦੇ ਕਾਨੂੰਨ ਵਿੱਚ ਸਾਲ 2015 ਦੌਰਾਨ ਕੀਤੀਆਂ ਸੋਧਾਂ ਰੱਦ ਕਰ ਕੇ ਪਹਿਲੇ ਰੂਪ ਵਿੱਚ ਲਾਗੂ ਕੀਤਾ ਜਾਵੇ। ਉਨ੍ਹਾਂ ਪੰਜਾਬੀਆਂ ਨੂੰ ਮਾਲਵੇ ਦੀ ਧਰਤੀ ਤੇ 6 ਜਨਵਰੀ ਦੀ ਮਹਾਰੈਲੀ ਵਿਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੀਆਂ ਜਥਬੰਦੀਆਂ ਤੋਂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ, ਬਲਦੇਵ ਸਿੰਘ ਜੀਰਾ, ਓਂਕਾਰ ਸਿੰਘ, ਮਲਕੀਤ ਸਿੰਘ, ਚਮਕੌਰ ਸਿੰਘ, ਗੁਰਧਿਆਨ ਸਿੰਘ, ਦੇਸਰਾਜ ਮੋਦਗਿਲ, ਗੁਰਮੀਤ ਸਿੰਘ ਮਾਂਗਟ, ਅਮਰਜੀਤ ਸਿੰਘ ਮੋਹੜੀ, ਇੰਦਰਜੀਤ ਸਿੰਘ ਕੋਟ ਬੁੱਢਾ, ਸੁਖਜਿੰਦਰ ਸਿੰਘ ਖੋਸਾ, ਲਖਵਿੰਦਰ ਸਿੰਘ ਸਿਰਸਾ, ਬਲਦੇਵ ਸਿੰਘ ਸਿਰਸਾ, ਦਵਿੰਦਰ ਸਿੰਘ ਡੱਫਰ, ਹਰਪ੍ਰੀਤ ਸਿੰਘ ਸੰਧੂ, ਅਤਰ ਸਿੰਘ ਕੋਟਲਾ, ਸਤਨਾਮ ਸਿੰਘ ਬਾਗੜੀਆਂ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਕਮੇਟੀ ਵਿਚ ਦਿਲਬਾਗ ਸਿੰਘ ਹਰੀਗੜ੍ਹ, ਹਰਵਿੰਦਰ ਸਿੰਘ ਮਸਾਣੀਆਂ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਕਰਮਜੀਤ ਸਿੰਘ ਨੰਗਲੀ, ਨਰਿੰਦਰ ਸਿੰਘ ਕੋਟਲਾ ਬਾਮਾ ਸ਼ਾਮਿਲ ਰਹੇ ਅਤੇ ਸੁਖਵਿੰਦਰ ਸਿੰਘ ਸਭਰਾ ਵੱਲੋਂ ਸਟੇਜ ਸਕੱਤਰ ਦੀ ਡਿਊਟੀ ਨਿਭਾਈ ਗਈ।