ਦਿਵਯਾ ਸ਼ਰਮਾ ਨੇ ਰੋਸ਼ਨ ਕੀਤਾ ਪੰਜਾਬ ਦਾ ਨਾਂ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਆ

ਦਿੱਲੀ ਵਿਖੇ ਕਰਵਾਏ ਗਏ ਰਾਸ਼ਟਰ ਪੱਧਰੀ ਪ੍ਰੋਗਰਾਮ ‘ਚ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਪੁਰਸਕਾਰ ਹਾਸਲ ਕਰ ਕੇ ਨਯਾ ਨੰਗਲ, ਸ਼ਿਵਾਲਿਕ ਐਵੇਨਿਯੂ ਦੀ ਦਿਵਯਾ ਸ਼ਰਮਾ ਨੇ ਨੰਗਲ ਦੇ ਨਾਲ-ਨਾਲ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਦਿੱਤਾ। ਦਿਵਯਾ ਦੀ ਇਸ ਉਪਲੱਬਧੀ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਨੌਜਵਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਸ ਨੂੰ ਵਧਾਈ ਦਿੱਤੀ।

ਜ਼ਿਕਰਯੋਗ ਹੈ ਕਿ ਦਿੱਲੀ ਵਿਖੇ ਉਨ੍ਹਾਂ ਦਿਵਿਯਾਂਗ ਵਿਅਕਤੀਆਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੇ ਆਪਣੇ ਹੁਨਰ ਰਾਹੀਂ ਦੁਨੀਆਂ ਵਿੱਚ ਵੱਖਰੀ ਪਹਿਚਾਣ ਬਣਾਈ ਹੈ। ਦੱਸਿਆ ਜਾ ਰਿਹਾ ਕਿ ਦਿਵਿਯਾ ਦੀ ਮਾਤਾ ਨਯਾ ਨੰਗਲ ਐਨਐੱਫਐਲ ਸਕੂਲ ਵਿੱਚ ਬਤੌਰ ਟੀਚਰ ਸੀ ਤੇ ਪਿਤਾ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦੇ ਸੀ। ਦਿਵਯਾ ਦੀ ਇੱਕ ਹੋਰ ਭੈਣ ਤੇ ਭਰਾ ਹੈ।

ਉਕਤ ਲੜਕੀ ਨੇ ਛੇਵੀਂ ਜ਼ਮਾਤ ਤੱਕ ਹੀ ਸਕੂਲ ‘ਚ ਪੜ੍ਹਾਈ ਕੀਤੀ ਤੇ ਸਕੂਲ ਵਾਲਿਆਂ ਨੇ ਫਿਰ ਇਹ ਕਹਿ ਦਿੱਤਾ ਕਿ ਇਸ ਸਪੈਸ਼ਲ ਬੱਚੀ ਲਈ ਸਾਡੇ ਕੋਲ ਜ਼ਿਆਦਾ ਕਾਬਿਲ ਟੀਚਰ ਨਹੀਂ ਹੈ। ਦਿਵਯਾ ਅੱਖਾਂ ਤੋਂ ਬਹੁਤ ਘੱਟ ਵੇਖ ਸਕਦੀ ਹੈ ਪਰ ਉਕਤ ਲੜਕੀ ਦੇ ਤੇਜ ਦਿਮਾਗ ਨੇ ਅੱਜ ਪੂਰੇ ਦੇਸ਼ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਦਿਵਯਾ ਨੇ ਸਾਰੀ ਪੜ੍ਹਾਈ ਖ਼ੁਦ ਆਪਣੇ ਤੇਜ਼ ਦਿਮਾਗ ਨਾਲ ਘਰ ‘ਚ ਬੈਠ ਕੇ ਹੀ ਕੀਤੀ ਤੇ ਅੱਜ ਉਹ ਆਈਟੀ ਸੈਕਟਰ ਵਿੱਚ ਨੌਕਰੀ ਕਰਨ ਦੇ ਨਾਲ ਨਾਲ 112 ਦੇਸ਼ਾਂ ‘ਚ ਚੱਲਣ ਵਾਲੇ ਰੇਡੀਓ ਚੈਨਲ ਤੇ ਦਿਵਿਯਾਂਗ ਲੋਕਾਂ ਨੂੰ ਮੋਟੀਵੇਟ ਵੀ ਕਰ ਰਹੀ ਹੈ। ਬਹੁਤ ਵੱਡੀਆਂ ਵੱਡੀਆਂ ਸਟੇਜਾਂ ਤੇ ਉਸ ਵੱਲੋਂ ਸਪੀਚ ਵੀ ਦਿੱਤੀ ਜਾਂਦੀ ਹੈ ਤੇ ਉਹ ਖ਼ੁਦ ਮਾਰਸ਼ਲਆਰਟ ‘ਚ ਬਲਿਊ ਬੈਲਟ ਵੀ ਹਾਸਲ ਕਰ ਚੁੱਕੀ ਹੈ। ਰਾਸ਼ਟਰੀ ਪੁਰਸਕਾਰ ਮਿਲਣ ਤੇ ਅੱਜ ਸਾਰੇ ਨੰਗਲ ਵਿੱਚ ਉਕਤ ਲੜਕੀ ਦੀ ਖ਼ੂਬ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *