ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਬਾਰੇ CM ਨੇ ਕਿਉਂ ਧਾਰੀ ਚੁੱਪੀ ? ਬਾਦਲ ਨੇ ਮੰਗਿਆ ਹਿਸਾਬ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਮੌਸਮੀ ਬਰਸਾਤ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਸਮੇਤ ਮੌਜੂਦਾ ਖਰਾਬ ਮੌਸਮ ਕਾਰਨ ਸੂਬੇ ਵਿਚ ਕਣਕ ਅਤੇ ਹੋਰ ਖੜ੍ਹੀਆਂ ਫਸਲਾਂ ਨੂੰ ਹੋਏ ਭਾਰੀ ਨੁਕਸਾਨ ਬਾਰੇ ਬੇਰਹਿਮ ਚੁੱਪੀ ‘ਤੇ ਦੁੱਖ ਜਾਹਿਰ ਕੀਤਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਾਦਲ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਗੰਭੀਰ ਸੰਕਟ ਦੀ ਲਪੇਟ ਵਿਚ ਸਨ, ਕਿਉਂਕਿ ਖੇਤੀ ਹੁਣ ਲਾਹੇਵੰਦ ਕਿੱਤਾ ਨਹੀਂ ਰਿਹਾ। ਉਹਨਾਂ ਕਿਹਾ ਕਿ ਕੁਦਰਤੀ ਆਫ਼ਤ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਸਰਕਾਰ ਦੀ ਪੂਰੀ ਤਰ੍ਹਾਂ ਦੀ ਉਦਾਸੀਣਤਾ ਉਨ੍ਹਾਂ ਦੀ ਕਮਰ ਤੋੜ ਦੇਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੰਕਟ ਵਿੱਚ ਘਿਰੇ ਕਿਸਾਨਾਂ ਨੂੰ ਹੋਏ ਨੁਕਸਾਨ ਲਈ ਤੁਰੰਤ ਰਾਹਤ ਅਤੇ ਮੁਆਵਜ਼ੇ ਦੀ ਸਖ਼ਤ ਲੋੜ ਬਾਰੇ ਕੋਈ ਭਰੋਸਾ ਨਹੀਂ ਦਿੱਤਾ ਗਿਆ ਹੈ। ਸਗੋਂ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋ ਦੋ ਦਿਨਾਂ ਦੇ ਪੰਜਾਬ ਦੌਰੇ ਤੇ ਹਨ, ਦੀ ਡਰਾਇਵਰੀ ਕਰਨ ਵਿੱਚ ਮਸ਼ਰੂਫ ਹੈ।
ਉਹਨਾਂ ਕਿਹਾ ਕਿ ਪੰਜਾਬੀਆਂ ਖਾਸ ਕਰਕੇ ਕਿਸਾਨਾਂ ਨੂੰ ਸੱਤਾ ਦੇ ਨਸ਼ੇ ਵਿੱਚ ਧੁੱਤ ਮੁੱਖ ਮੰਤਰੀ ਦੀ ਅਜਿਹੀ ਬੇਰਹਿਮ ਉਦਾਸੀਨਤਾ ਅਤੇ ਵਿਸ਼ਵਾਸਘਾਤ ਤੋਂ ਬਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਰਸਮਾਂ ਅਤੇ ਨਿਯਮਾਂ ਨੂੰ ਪਾਸੇ ਰੱਖ ਕੇ ਕਿਸਾਨਾਂ ਨੂੰ ਤੁਰੰਤ ਰਾਹਤ ਦੀ ਮੰਗ ਕਰਦਾ ਹੈ। ਸਥਿਤੀ ਆਮ ਨਹੀਂ ਹੈ। ਇਸ ਤੋਂ ਇਲਾਵਾ, ਸਰਕਾਰ ਨੂੰ ਅਸਲ ਨੁਕਸਾਨ ਦਾ ਮੁਲਾਂਕਣ ਕਰਨ ਲਈ ਨਵੀਂ ਗਿਰਦਾਵਰੀ ਦੇ ਆਦੇਸ਼ ਦੇਣੇ ਚਾਹੀਦੇ ਹਨ। ਜ਼ਿਆਦਾਤਰ ਪ੍ਰਭਾਵਿਤ ਥਾਵਾਂ ‘ਤੇ ਨੁਕਸਾਨ ਦਾ ਮੁਲਾਕਣ ਹੋਣਾ ਚਾਹੀਦਾ ਹੈ।