ਡਿਬਰੂਗੜ੍ਹ ਜੇਲ੍ਹ ‘ਚ ਸਿੱਖ ਬੰਦੀਆਂ ਨਾਲ ਅੱਜ ਹੋਏਗੀ ਮੁਲਾਕਾਤ, ਸ਼੍ਰੋਮਣੀ ਕਮੇਟੀ ਦੇ ਰਹੀ ਕਾਨੂੰਨੀ ਸਹਾਇਤਾ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ (ਐਨਐਸਏ) ਤਹਿਤ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਸਣੇ 10 ਸਿੱਖ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਜਾਏਗੀ। ਸ਼੍ਰੋਮਣੀ ਕਮੇਟੀ ਦੀ ਕਾਨੂੰਨੀ ਮਾਹਿਰਾਂ ਦੀ ਟੀਮ ਤੇ ਬੰਦੀਆਂ ਦੇ ਪਰਿਵਾਰਕ ਮੈਂਬਰ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਾਕਾਤ ਕਰਨਗੇ। ਸ਼੍ਰੋਮਣੀ ਕਮੇਟੀ ਇਨ੍ਹਾਂ ਵਿਅਕਤੀਆਂ ਨੂੰ ਕਾਨੂੰਨੀ ਸਹਾਇਤਾ ਦੇਵੇਗੀ।

ਦੱਸ ਦਈਏ ਕਿ ਕੌਮੀ ਸੁਰੱਖਿਆ ਐਕਟ ਹੇਠ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ 10 ਸਿੱਖ ਵਿਅਕਤੀਆਂ ਨੂੰ ਮਿਲਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਬੁੱਧਵਾਰ ਸ਼ਾਮ ਨੂੰ ਅੰਮ੍ਰਿਤਸਰ ਤੋਂ ਹਵਾਈ ਮਾਰਗ ਰਾਹੀਂ ਰਵਾਨਾ ਹੋਏ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਕਾਨੂੰਨੀ ਮਾਹਿਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਅੱਠ ਪਰਿਵਾਰਾਂ ’ਚੋਂ ਇੱਕ-ਇੱਕ ਮੈਂਬਰ ਉਨ੍ਹਾਂ ਦੇ ਨਾਲ ਗਿਆ ਹੈ।

ਇਹ ਪਰਿਵਾਰਕ ਮੈਂਬਰ ਅੱਜ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਵਿਅਕਤੀਆਂ ਨਾਲ ਮੁਲਾਕਾਤ ਕਰਨਗੇ। ਡਿਬਰੂਗੜ੍ਹ ਜੇਲ੍ਹ ਵਿੱਚ ਸਿਰਫ ਵੀਰਵਾਰ ਨੂੰ ਹੀ ਮੁਲਾਕਾਤੀਆਂ ਨੂੰ ਮਿਲਣ ਦੀ ਆਗਿਆ ਹੈ। ਡਿਬਰੂਗੜ੍ਹ ਜੇਲ੍ਹ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਸਣੇ ਉਸ ਦੇ 10 ਖਾਲਿਸਤਾਨੀ ਸਮਰਥਕ ਬੰਦ ਹਨ। ਇਨ੍ਹਾਂ ਸਾਰਿਆਂ ਨੂੰ ਕੌਮੀ ਸੁਰੱਖਿਆ ਐਕਟ ਹੇਠ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਜੇਲ੍ਹ ਵਿੱਚ ਬੰਦ ਇਨ੍ਹਾਂ ਵਿਅਕਤੀਆਂ ਦੇ ਕੇਸਾਂ ਦੀ ਪੈਰਵੀ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਹ ਜੇਲ੍ਹ ਪ੍ਰਸ਼ਾਸਨ ਨੂੰ ਅਪੀਲ ਕਰਨਗੇ ਕਿ ਮੁਲਾਕਾਤ ਦਾ ਦਿਨ ਐਤਵਾਰ ਰੱਖਿਆ ਜਾਵੇ ਤਾਂ ਜੋ ਉਹ ਹਰ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਚਲਦੀ ਰੇਲ ਗੱਡੀ ਰਾਹੀਂ ਸ਼ਨਿਚਰਵਾਰ ਨੂੰ ਡਿਬਰੂਗੜ੍ਹ ਪੁੱਜ ਸਕਣ ਤੇ ਐਤਵਾਰ ਮੁਲਾਕਾਤ ਕਰ ਸਕਣ।

Leave a Reply

Your email address will not be published. Required fields are marked *