ਟੈਕਸੀ ਡਰਾਈਵਰ ਨੂੰ ਕ੍ਰਾਈਸਚਰਚ ਏਅਰਪੋਰਟ ਨਜਦੀਕ ਚਾਕੂ ਮਾਰ-ਮਾਰ ਕੇ ਕੀਤਾ ਜਖ਼ਮੀ
ਬੀਤੀ ਰਾਤ ਕ੍ਰਾਈਸਚਰਚ ਏਅਰਪੋਰਟ ਨਜਦੀਕ ਮੈਮੋਰੀਅਲ ਐਵੇਨਿਊ ਵਿਖੇ ਇੱਕ ਟੈਕਸੀ ਡਰਾਈਵਰ ਨੂੰ ਚਾਕੂ ਮਾਰ-ਮਾਰਕੇ ਗੰਭੀਰ ਜਖਮੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਡਰਾਈਵਰ ਜਖਮੀ ਹਾਲਤ ਵਿੱਚ ਨਜਦੀਕੀ ਮੈਕਡੋਨਲਡ ਤੱਕ ਪੁੱਜਣ ਵਿੱਚ ਸਫਲ ਰਿਹਾ, ਜਿੱਥੇ ਉਸਦੀ ਮੈਕਡੋਨਲਡ ਦੇ ਕਰਮਚਾਰੀਆਂ ਨੇ ਉਸਦੀ ਮੱਦਦ ਕੀਤੀ ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਡਰਾਈਵਰ ਨੂੰ ਖੂਨ ਨਾਲ ਲੱਥ-ਪੱਥ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਕਈ ਘੰਟਿਆਂ ਦੇ ਇਲਾਜ ਤੋਂ ਬਾਅਦ ਹੁਣ ਡਰਾਈਵਰ ਦੀ ਹਾਲਤ ਵਿੱਚ ਸੁਧਾਰ ਹੈ। ਡਰਾਈਵਰ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ, ਪਰ ਉਸਦੀ ਜਾਨ ਨੂੰ ਹੁਣ ਖਤਰਾ ਨਹੀਂ ਹੈ। ਪੁਲਿਸ ਨੇ ਇਸ ਸਬੰਧ ਵਿੱਚ ਇੱਕ 43 ਸਾਲਾ ਮਹਿਲਾ ਨੂੰ ਨਜਦੀਕੀ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ ਤੇ ਉਸਦੀ ਜਮਾਨਤ ਨਾ ਮਨਜ਼ੂਰ ਕਰਦਿਆਂ 1 ਨਵੰਬਰ ਉਸਨੂੰ ਹਿਰਾਸਤ ਵਿੱਚ ਰੱਖਣ ਦਾ ਫੈਸਲਾ ਲਿਆ ਗਿਆ ਹੈ।
