ਟੁੱਟਿਆ ਰਿਸ਼ਤਾ ਜੋੜਨ ਲਈ ਰਾਜ਼ੀ ਹੋਏ ਅਮਿਤ ਸ਼ਾਹ ਤੇ ਸੁਖਬੀਰ ਬਾਦਲ! ਅਕਾਲੀ ਦਲ ਤੇ ਭਾਜਪਾ ਦਾ ਹੋਣ ਜਾ ਰਿਹਾ ਗਠਜੋੜ ?
ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇੰਡੀਆ ਗਠਜੋੜ ਦਾ ਹਾਲੇ ਤੱਕ ਕੋਈ ਸਿਰ ਪੈਰ ਦਿਖਾਈ ਨਹੀਂ ਦੇ ਰਿਹਾ ਪਰ ਇੱਧਰ ਭਾਜਪਾ ਨੇ ਆਪਣੀ ਨਵੀਂ ਰਣਨੀਤੀ ਬਣਾ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਤੇ ਬੀਜੇਪੀ ਵਿਚਾਲੇ ਮੁੜ ਗਠਜੋੜ ਹੋਣ ਦੀ ਸੰਭਾਵਨਾ ਹੈ। ਅਕਾਲੀ ਦਲ ਦੇ ਲੀਡਰ ਭਾਜਪਾ ਦੇ ਸੰਪਰਕ ਵਿੱਚ ਹਨ।
ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੇ ਪੁਰਾਣੇ ਸਹਿਯੋਗੀ ਛੇਤੀ ਹੀ ਇੱਕ ਵਾਰ ਫਿਰ ਐਨਡੀਏ ਵਿੱਚ ਸ਼ਾਮਲ ਹੋ ਸਕਦੇ ਹਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਲਦੀ ਹੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਸਮਝੌਤਾ ਹੋ ਸਕਦਾ ਹੈ। ਪੰਜਾਬ ਵਿੱਚ ਦੋਵੇਂ ਪਾਰਟੀਆਂ ਮਿਲ ਕੇ ਲੋਕ ਸਭਾ ਚੋਣਾਂ ਲੜ ਸਕਦੀਆਂ ਹਨ।
ਪੰਜਾਬ ‘ਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕਰ ਸਕਦੀ ਹੈ। ਸੂਤਰਾਂ ਅਨੁਸਾਰ ਪੰਜਾਬ ਵਿੱਚ ਭਾਜਪਾ ਦੀ ਅਕਾਲੀ ਦਲ ਨਾਲ ਗੱਲਬਾਤ ਅੰਤਿਮ ਪੜਾਅ ’ਤੇ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਇਸ ਵਾਰ ਲੋਕ ਸਭਾ ਚੋਣਾਂ ਅਕਾਲੀ ਦਲ ਲਈ ਕਾਫੀ ਚੁਣੌਤੀਆਂ ਭਰੀਆਂ ਹਨ, ਜਿਸ ਕਾਰਨ ਅਕਾਲੀ ਦਲ ਹੁਣ ਇਕ ਵਾਰ ਫਿਰ ਤੋਂ ਚੋਣਾਂ ਲੜਨ ਦੇ ਮੂਡ ‘ਚ ਹੈ।
ਪੰਜਾਬ ਵਿੱਚ ਦੋਵਾਂ ਪਾਰਟੀਆਂ ਦਾ ਪਹਿਲਾ ਗਠਜੋੜ ਸਾਲ 1996 ਵਿੱਚ ਹੋਇਆ ਸੀ, ਜਿਸ ਤੋਂ ਬਾਅਦ ਦੋਵੇਂ ਪਾਰਟੀਆਂ ਇਕੱਠੀਆਂ ਚੋਣਾਂ ਲੜਦੀਆਂ ਰਹੀਆਂ। 2021 ਦੇ ਕਿਸਾਨ ਅੰਦੋਲਨ ਦੌਰਾਨ ਲਗਭਗ 24 ਸਾਲ ਪੁਰਾਣਾ ਗਠਜੋੜ ਟੁੱਟ ਗਿਆ। ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਨੇ ਮਿਲ ਕੇ 5 ਵਾਰ ਵਿਧਾਨ ਸਭਾ ਅਤੇ ਓਨੀ ਹੀ ਵਾਰ ਲੋਕ ਸਭਾ ਚੋਣਾਂ ਲੜੀਆਂ ਹਨ। ਅਕਾਲੀ-ਭਾਜਪਾ ਗਠਜੋੜ ਨੇ ਤਿੰਨ ਵਾਰ ਰਾਜ ਦੀ ਕੁਰਸੀ ‘ਤੇ ਕਬਜ਼ਾ ਕੀਤਾ ਸੀ। ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਪੰਜਾਬ ‘ਚ ਹੁਣ ਤੱਕ ਭਾਜਪਾ 3 ਸੀਟਾਂ ‘ਤੇ ਚੋਣ ਲੜ ਰਹੀ ਹੈ ਜਦਕਿ ਅਕਾਲੀ ਦਲ 10 ਸੀਟਾਂ ‘ਤੇ ਚੋਣ ਲੜ ਰਿਹਾ ਹੈ।
2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਮੋਦੀ ਦਾ ਕਰਿਸ਼ਮਾ ਕੰਮ ਨਹੀਂ ਆਇਆ। ਭਾਜਪਾ ਸੂਬੇ ‘ਚ ਸਿਰਫ਼ ਦੋ ਸੀਟਾਂ ‘ਤੇ ਹੀ ਕਬਜ਼ਾ ਕਰ ਸਕੀ। ਇਸ ਦੇ ਨਾਲ ਹੀ ਮੋਦੀ ਲਹਿਰ ਦੇ ਬਾਵਜੂਦ ਕਾਂਗਰਸ ਚੰਗਾ ਪ੍ਰਦਰਸ਼ਨ ਕਰਨ ‘ਚ ਸਫਲ ਰਹੀ। ਕਾਂਗਰਸ ਪਾਰਟੀ ਨੇ ਇੱਥੇ 13 ਵਿੱਚੋਂ 8 ਸੀਟਾਂ ਜਿੱਤੀਆਂ ਸਨ। ਇਸ ਦੇ ਨਾਲ ਹੀ ਐਨਡੀਏ ਦਾ ਭਾਈਵਾਲ ਅਕਾਲੀ ਦਲ ਵੀ ਦੋ ਸੀਟਾਂ ’ਤੇ ਕਬਜ਼ਾ ਕਰਨ ਵਿੱਚ ਸਫ਼ਲ ਰਿਹਾ। ਇਸ ਚੋਣ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤ ਕੇ ਆਪਣਾ ਖਾਤਾ ਖੋਲ੍ਹਿਆ ਸੀ।