ਜਾਣੋ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਮਾਲਦੀਵ ਵਿਵਾਦ, PM ਮੋਦੀ ਖ਼ਿਲਾਫ਼ ਮੰਤਰੀਆਂ ਨੂੰ ਟਿੱਪਣੀ ਕਰਨੀ ਪਈ ਭਾਰੀ, ਰੱਦ ਹੋਈ ਹੋਟਲ ਬੁਕਿੰਗ ਤੇ ਹਵਾਈ ਟਿਕਟਾਂ

ਭਾਰਤ ਅਤੇ ਮਾਲਦੀਵ ਜਾਰੀ ਵਿਵਾਦ ਦਰਮਿਆਨ ਮਾਲਦੀਵ ਸਰਕਾਰ ਵਲੋਂ ਆਪਣੇ ਤਿੰਨ ਮੰਤਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਨਾਲ ਹੀ ਮਾਲਦੀਵ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਟਿੱਪਣੀਆਂ ਲਈ ਜ਼ਿੰਮੇਵਾਰ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸ਼ੁਰੂ ਹੋਇਆ ਇਹ ਵਿਵਾਦ

ਪੀ.ਐੱਮ. ਮੋਦੀ ਦਾ ਲਕਸ਼ਦੀਪ ਦੌਰਾ
ਦਰਅਸਲ ਪੀ.ਐੱਮ. ਮੋਦੀ ਹਾਲ ਹੀ ‘ਚ ਲਕਸ਼ਦੀਪ ਦੌਰੇ ‘ਤੇ ਗਏ ਸਨ। ਉਨ੍ਹਾਂ ਨੇ 4 ਜਨਵਰੀ ਨੂੰ ਇਸ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਕਸ਼ਦੀਪ ਜਾਣ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਮਾਲਦੀਵ ਦੇ ਨੇਤਾਵਾਂ ਨੇ ਪੀ.ਐੱਮ. ਮੋਦੀ ਅਤੇ ਲਕਸ਼ਦੀਪ ‘ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਮਾਲਦੀਵ ਦੇ ਨੇਤਾਵਾਂ ਵਲੋਂ ਪੀ.ਐੱਮ. ਮੋਦੀ ਦਾ ਮਜ਼ਾਕ ਉਡਾਇਆ ਗਿਆ ਅਤੇ ਭਾਰਤੀਆਂ ਨੂੰ ਗੰਦਾ ਦੱਸਦੇ ਹੋਏ ਨਸਲੀ ਟਿੱਪਣੀਆਂ ਕੀਤੀਆਂ ਗਈਆਂ। ਜਿਸ ਤੋਂ ਬਾਅਦ ਭਾਰਤ ਦੇ ਦਿੱਗਜ ਨੇਤਾਵਾਂ ਸਮੇਤ ਸਿਤਾਰਿਆਂ ਤੱਕ ਨੇ ਇਸ ਦੀ ਆਲੋਚਨਾ ਕੀਤੀ। 

#BoycottMaldives ਮੁਹਿੰਮ ਹੋਈ ਸ਼ੁਰੂ
ਇਸ ਤੋਂ ਬਾਅਦ ‘ਐਕਸ’ ਤੇ ਭਾਰਤ ਦੇ ਲੋਕਾਂ ਨੇ #BoycottMaldives ਮੁਹਿੰਮ ਹੋਈ ਸ਼ੁਰੂ ਕਰ ਦਿੱਤੀ। ਕਈ ਭਾਰਤੀਆਂ ਨੇ ਮਾਲਦੀਵ ਦੀਆਂ ਛੁੱਟੀਆਂ ਕੈਂਸਲ ਕਰ ਦਿੱਤੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪੀ.ਐੱਮ. ਮੋਦੀ ਦੇ ਲਕਸ਼ਦੀਪ ਦੌਰੇ ਨਾਲ ਮਾਲਦੀਵ ਦੇ ਟੂਰਿਜ਼ਮ ਨੂੰ ਤਗੜਾ ਝਟਕਾ ਲੱਗਣ ਵਾਲਾ ਹੈ। ਉੱਥੇ ਮਾਲਦੀਵ ਸਰਕਾਰ ਨੇ ਆਪਣੇ ਮੰਤਰੀਆਂ ਦੇ ਵਿਵਾਦਿਤ ਬਿਆਨਾਂ ਤੋਂ ਕਿਨਾਰਾ ਕਰ ਲਿਆ ਹੈ। ਮਾਲਦੀਵ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਅਪਮਾਨਜਨਕ ਟਿੱਪਣੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਝਿਜਕ ਨਾ ਕੀਤੀ ਜਾਵੇ।

ਇਨ੍ਹਾਂ ਮੰਤਰੀਆਂ ਨੂੰ ਕੀਤਾ ਗਿਆ ਸਸਪੈਂਡ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ‘ਤੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਤਿੰਨ ਮੰਤਰੀਆਂ ਮਰਿਅਮ ਸ਼ਿਓਨਾ, ਮਾਲਸ਼ਾ ਸ਼ਰੀਫ਼ ਅਤੇ ਅਬਦੁੱਲਾ ਮਹਜੂਮ ਮਾਜਿਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। 

ਸਾਲ 2023 ‘ਚ 2 ਲੱਖ ਭਾਰਤੀ ਪਹੁੰਚੇ ਸਨ ਮਾਲਦੀਵ
ਮਾਲਦੀਵ ਸਰਕਾਰ ਅਨੁਸਾਰ ਭਾਰਤੀ ਇੱਥੇ ਜਾਣ ਵਾਲੇ ਟੌਪ-10 ਵਿਦੇਸ਼ੀ ਟੂਰਿਸਟ ‘ਚ ਸ਼ਾਮਲ ਹਨ। ਇਕੱਲੇ 2023 ‘ਚ 2 ਲੱਖ ਤੋਂ ਜ਼ਿਆਦਾ ਭਾਰਤੀ ਮਾਲਦੀਵ ਘੁੰਮਣ ਗਏ। ਇਸ ਤੋਂ ਬਾਅਦ ਰੂਸ ਅਤੇ ਚੀਨ ਦੇ ਟੂਰਿਸਟ ਦਾ ਨੰਬਰ ਹੈ। ਮਾਲਦੀਵ ਦੀ ਅਰਥਵਿਵਸਥਾ ਟੂਰਿਜ਼ਮ ਇੰਡਸਟਰੀ ‘ਤੇ ਨਿਰਭਰ ਹੈ।

ਪ੍ਰਧਾਨ ਮੰਤਰੀ ਮੋਦੀ ਦੇ ਲਕਸ਼ਦੀਪ ਦੌਰੇ ‘ਤੇ ਕੀਤੀ ਗਈ ਟਿੱਪਣੀ ‘ਤੇ ਭਾਰਤੀਆਂ ‘ਚ ਗੁੱਸਾ ਹੈ। ਗੁੱਸੇ ‘ਚ ਆ ਕੇ ਕਰੀਬ ਚਾਰ ਹਜ਼ਾਰ ਭਾਰਤੀਆਂ ਨੇ ਮਾਲਦੀਵ ‘ਚ ਹੋਟਲ ਬੁਕਿੰਗ ਰੱਦ ਕਰ ਦਿੱਤੀ। ਤਿੰਨ ਹਜ਼ਾਰ ਹਵਾਈ ਟਿਕਟਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਭਾਰਤੀ ਹਾਈ ਕਮਿਸ਼ਨਰ ਮੁਨੂ ਮਹਾਵਰ ਨੇ ਵੀ ਮਾਲਦੀਵ ਸਰਕਾਰ ਨੂੰ ਪੱਤਰ ਲਿਖ ਕੇ ਸਖ਼ਤ ਇਤਰਾਜ਼ ਜ਼ਾਹਰ ਕੀਤਾ ਹੈ।

ਭਾਰਤ ਦੇ ਸਖ਼ਤ ਰੁਖ ਤੋਂ ਬਾਅਦ ਮਾਲਦੀਵ ਸਰਕਾਰ ਨੇ ਆਪਣੇ ਤਿੰਨ ਉਪ ਮੰਤਰੀਆਂ ਮਰੀਅਮ ਸ਼ਿਓਨਾ, ਮਲਸ਼ਾ ਸ਼ਰੀਫ ਅਤੇ ਮਹਿਜੂਮ ਮਜੀਦ ਨੂੰ ਮੁਅੱਤਲ ਕਰ ਦਿੱਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆ ‘ਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਦੇਸ਼ ਦੇ ਮੰਤਰੀਆਂ ਨੂੰ ਕਿਸੇ ਹੋਰ ਦੇਸ਼ ਦੇ ਨੇਤਾ ‘ਤੇ ਕੀਤੀ ਗਈ ਟਿੱਪਣੀ ਕਾਰਨ ਮੁਅੱਤਲ ਕੀਤਾ ਗਿਆ ਹੋਵੇ। ਮਾਲਦੀਵ ਦੇ ਮੰਤਰੀਆਂ ਅਤੇ ਕੁਝ ਹੋਰ ਸਿਆਸਤਦਾਨਾਂ ਦੀਆਂ ਟਿੱਪਣੀਆਂ ਤੋਂ ਬਾਅਦ ਇੰਟਰਨੈੱਟ ਮੀਡੀਆ ‘ਤੇ ਮਾਲਦੀਵ ਵਿਰੋਧੀ ਮਾਹੌਲ ਪੈਦਾ ਹੋ ਗਿਆ। ਹੈਸ਼ਟੈਗ ਬਾਈਕਾਟ ਮਾਲਦੀਵ ਦਿਨ ਭਰ ਟਵਿਟਰ ‘ਤੇ ਟ੍ਰੈਂਡ ਕਰ ਰਿਹਾ ਸੀ। 

ਮਾਲਦੀਵ ਦੇ ਮੰਤਰੀ ਦੇ ਬਿਆਨ ‘ਤੇ ਭੜਕੇ ਭਾਰਤੀ ਸਿਤਾਰੇ

ਅਦਾਕਾਰ ਸਲਮਾਨ ਖਾਨ, ਅਕਸ਼ੈ ਕੁਮਾਰ ਸਮੇਤ ਕਈ ਭਾਰਤੀ ਮਸ਼ਹੂਰ ਹਸਤੀਆਂ ਅਤੇ ਸੋਸ਼ਲ ਮੀਡੀਆ ਇਨਫਲਿਊਐਂਸਰ ਨੇ ਮਾਲਦੀਵ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਹ ਮਸ਼ਹੂਰ ਹਸਤੀਆਂ ਮਾਲਦੀਵ ਅਤੇ ਇਸ ਦੇ ਸੈਰ-ਸਪਾਟਾ ਸਥਾਨਾਂ ਦੇ ਖਿਲਾਫ ਆਨਲਾਈਨ ਮੁਹਿੰਮ ‘ਚ ਸ਼ਾਮਲ ਹੋ ਗਈਆਂ ਹਨ। ਇਹ ਮੁਹਿੰਮ ਮਾਲਦੀਵ ਦੇ ਇਕ ਮੰਤਰੀ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਭਾਰਤ ਵਿਰੋਧੀ ਟਿੱਪਣੀਆਂ ਪੋਸਟ ਕਰਨ ਤੋਂ ਬਾਅਦ ਬੁਲਾਈ ਗਈ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ‘ਚ ਲਕਸ਼ਦੀਪ ਦਾ ਦੌਰਾ ਕੀਤਾ ਸੀ। ਇਸ ਯਾਤਰਾ ਨੇ ਯਾਤਰੀਆਂ ਵਿੱਚ ਭਾਰਤੀ ਟਾਪੂ ਪ੍ਰਤੀ ਦਿਲਚਸਪੀ ਪੈਦਾ ਕੀਤੀ। ਆਪਣੀ ਯਾਤਰਾ ਦੌਰਾਨ ਪੀਐਮ ਮੋਦੀ ਨੇ ਲਕਸ਼ਦੀਪ ਦੇ ਸੁੰਦਰ ਬੀਚਾਂ ਦਾ ਦੌਰਾ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਸਮੁੰਦਰ ਵਿੱਚ ਸਨੌਰਕਲਿੰਗ ਕਰਦੇ ਹੋਏ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ, ਜੋ ਵਾਇਰਲ ਹੋਈਆਂ ਅਤੇ ਐਕਸ’ ਤੇ ਟਾਪ ਟ੍ਰੈਂਡਿੰਗ ਰਹੀਆਂ। ਇਹ ਵਿਵਾਦ ਇਸ ਦੌਰੇ ਤੋਂ ਸ਼ੁਰੂ ਹੋਇਆ ਸੀ।

ਬਾਈਕਾਟ ਮੁਹਿੰਮ ਨੂੰ ਸਲਮਾਨ ਖਾਨ ਦਾ ਮਿਲਿਆ ਸਮਰਥਨ

ਇਸ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਵੀ ਇਸ ਮੁਹਿੰਮ ਨਾਲ ਜੁੜ ਗਏ। ਉਨ੍ਹਾਂ ਟਵੀਟ ਕੀਤਾ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਕਸ਼ਦੀਪ ਦੇ ਸੁੰਦਰ, ਸਾਫ਼ ਅਤੇ ਅਦਭੁਤ ਬੀਚਾਂ ‘ਤੇ ਦੇਖਣਾ ਬਹੁਤ ਵਧੀਆ ਲੱਗਿਆ ਹੈ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਸਾਡੇ ਭਾਰਤ ਵਿੱਚ ਹੈ।

ਬਾਈਕਾਟ ਮੁਹਿੰਮ ਵਿੱਚ ਸ਼ਾਮਲ ਹੋਏ ਅਕਸ਼ੈ ਕੁਮਾਰ

ਇਸ ਦੇ ਨਾਲ ਹੀ ਅਦਾਕਾਰ ਅਕਸ਼ੈ ਕੁਮਾਰ ਨੇ ਕਿਹਾ ਕਿ ਮਾਲਦੀਵ ਦੇ ਪ੍ਰਮੁੱਖ ਨੇਤਾਵਾਂ ਨੇ ਭਾਰਤੀਆਂ ‘ਤੇ ਘਿਣਾਉਣੀਆਂ ਅਤੇ ਨਸਲਵਾਦੀ ਟਿੱਪਣੀਆਂ ਕੀਤੀਆਂ ਹਨ। ਇਹ ਹੈਰਾਨੀਜਨਕ ਹੈ। ਮਾਲਦੀਵ ਉਹ ਥਾਂ ਹੈ ਜਿੱਥੇ ਸਭ ਤੋਂ ਵੱਧ ਭਾਰਤੀ ਜਾਂਦੇ ਹਨ। ਅਸੀਂ ਆਪਣੇ ਗੁਆਂਢੀਆਂ ਪ੍ਰਤੀ ਚੰਗੇ ਹਾਂ, ਪਰ ਅਸੀਂ ਅਜਿਹੀ ਬੇਲੋੜੀ ਨਫ਼ਰਤ ਨੂੰ ਕਿਉਂ ਬਰਦਾਸ਼ਤ ਕਰੀਏ? ਮੈਂ ਕਈ ਵਾਰ ਮਾਲਦੀਵ ਦਾ ਦੌਰਾ ਕੀਤਾ ਹੈ ਅਤੇ ਹਮੇਸ਼ਾ ਇਸ ਦੀ ਪ੍ਰਸ਼ੰਸਾ ਕੀਤੀ ਹੈ, ਪਰ ਮੇਰੇ ਲਈ ਮੇਰੀ ਇੱਜ਼ਤ ਸਭ ਤੋਂ ਪਹਿਲਾਂ ਹੈ। ਆਓ ਅਸੀਂ ਭਾਰਤੀ ਟਾਪੂਆਂ ਦੀ ਪੜਚੋਲ ਕਰੀਏ ਅਤੇ ਆਪਣੇ ਖੁਦ ਦੇ ਸੈਰ-ਸਪਾਟੇ ਦਾ ਸਮਰਥਨ ਕਰੀਏ।

ਆਕਾਸ਼ ਚੋਪੜਾ ਵੀ ਮੁਹਿੰਮ ਵਿੱਚ ਹੋਏ ਸ਼ਾਮਲ

ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ, ਜੋ ਇਸ ਮੁਹਿੰਮ ਵਿੱਚ ਸ਼ਾਮਲ ਹੋਏ ਹਨ, ਨੇ ਸ਼ਨੀਵਾਰ (6 ਜਨਵਰੀ) ਨੂੰ ਟਵਿੱਟਰ ‘ਤੇ ਪੋਸਟ ਕੀਤਾ: ‘ਇੰਡੀਆ ਆਊਟ’ ਚੋਣ ਮੈਨੀਫੈਸਟੋ ਦਾ ਇੱਕ ਹਿੱਸਾ ਸੀ। ਮਾਲਦੀਵ ਨੇ ਇਸ ਲਈ ਵੋਟਿੰਗ ਕੀਤੀ। ਹੁਣ ਇਹ ਸਾਡੇ ਭਾਰਤੀਆਂ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਸਮਝਦਾਰੀ ਨਾਲ ਚੋਣ ਕਰੀਏ। ਜੈ ਹਿੰਦ!

ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਪ੍ਰਭਾਵਕ ਸੋਨਮ ਮਹਾਜਨ ਨੇ ਵੀ ਭਾਰਤੀਆਂ ਨੂੰ ਮਾਲਦੀਵ ਦੇ ਇੱਕ ਮੰਤਰੀ ਦੀ ਤਾਜ਼ਾ ਟਿੱਪਣੀ ਦੇ ਮੱਦੇਨਜ਼ਰ ਮਾਲਦੀਵ ਦਾ ਦੌਰਾ ਰੱਦ ਕਰਨ ਦੀ ਅਪੀਲ ਕੀਤੀ ਸੀ। ਮਹਾਜਨ ਨੇ ਲਿਖਿਆ ਕਿ ਕਿਰਪਾ ਕਰਕੇ ਮਾਲਦੀਵ ਦੇ ਮੰਤਰੀਆਂ ਨੂੰ ਸੁਣੋ ਜੋ ਭਾਰਤੀਆਂ ਨੂੰ ਕੱਢਣਾ ਚਾਹੁੰਦੇ ਹਨ, ਮਾਲਦੀਵ ਦੀ ਆਪਣੀ ਯਾਤਰਾ ਯੋਜਨਾ (ਜੇਕਰ ਕੋਈ ਹੈ) ਨੂੰ ਜਲਦੀ ਤੋਂ ਜਲਦੀ ਰੱਦ ਕਰੋ। ਤੁਸੀਂ ਉਸ ਦੇਸ਼ ਵਿੱਚ ਕਿਉਂ ਜਾਣਾ ਚਾਹੋਗੇ ਜਿਸ ਦੇ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ? ਲਕਸ਼ਦੀਪ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।

 

Leave a Reply

Your email address will not be published. Required fields are marked *