ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪ੍ਰੇਮਾ ਲਾਹੌਰੀਆ ਤੇ ਵਿੱਕੀ ਗੌਂਡਰ ਗੈਂਗ ਦੇ ਚਾਰ ਗੈਂਗਸਟਰਾਂ ਨੂੰ ਕਰਾਸ ਫਾਇਰਿੰਗ ਦੌਰਾਨ ਕੀਤਾ ਗ੍ਰਿਫ਼ਤਾਰ, ਛੇ ਪਿਸਤੌਲ ਬਰਾਮਦ
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਗੈਂਗ ਦੇ ਚਾਰ ਗੈਂਗਸਟਰਾਂ ਨੂੰ ਕਰਾਸ ਫਾਇਰਿੰਗ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਸ਼ਹਿਰ ਵਿੱਚ ਕੋਈ ਵੱਡੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਆਬਾਦਪੁਰਾ ‘ਚ ਨੀਲੇ ਰੰਗ ਦੀ XUV700 ਰਜਿਸਟ੍ਰੇਸ਼ਨ ਨੰਬਰ ਪੀਬੀ 08 ਐੱਫ ਐੱਫ 9492 ‘ਚ ਵਾਰਦਾਤ ਦੀ ਯੋਜਨਾ ਬਣਾਉਂਦੇ ਹੋਏ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਛਾਪੇਮਾਰੀ ਦੌਰਾਨ ਨਵੀਨ ਸੈਣੀ ਉਰਫ਼ ਚਿੰਟੂ ਪੁੱਤਰ ਪ੍ਰੇਮ ਸੈਣੀ ਵਾਸੀ ਮੁਹੱਲਾ 329/2 ਮੁਹੱਲਾ ਹਰਗੋਬਿੰਦ ਨਗਰ ਥਾਣਾ ਡਵੀਜ਼ਨ 8 ਜਲੰਧਰ, ਨੀਰਜ ਕਪੂਰ ਉਰਫ਼ ਝਾਂਗੀ ਪੁੱਤਰ ਵਿਜੇ ਕਪੂਰ ਵਾਸੀ ਐਚ. ਗਾਂਧੀ ਕੈਂਪ ਵਿਖੇ ਹੋਈ ਕਰਾਸ ਫਾਇਰਿੰਗ ਵਿੱਚ ਕਿਸ਼ਨ ਬਾਲੀ ਉਰਫ਼ ਗੰਜਾ ਪੁੱਤਰ ਹਰਮੇਸ਼ ਕੁਮਾਰ ਬਾਲੀ ਵਾਸੀ ਅਬਾਦਪੁਰਾ ਥਾਣਾ ਡਿਵੀਜ਼ਨ 4 ਜਲੰਧਰ ਅਤੇ ਵਿਨੋਦ ਜੋਸ਼ੀ ਪੁੱਤਰ ਜਗਮੋਹਨ ਜੋਸ਼ੀ ਵਾਸੀ ਸਰਾਭਾ ਨਗਰ ਥਾਣਾ ਡਿਵੀਜ਼ਨ 8 ਜਲੰਧਰ ਨੂੰ ਡਿਵੀਜ਼ਨ 2 ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਅਪਰਾਧੀਆਂ ਨੂੰ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਛੇ (.32 ਬੋਰ) ਪਿਸਤੌਲ ਅਤੇ 26 ਕਾਰਤੂਸ ਬਰਾਮਦ ਕੀਤੇ ਗਏ ਹਨ। ਆਈਪੀਐਸ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਪੁਲਿਸ ਨੇ ਦੋ ਕੰਟਰੈਕਟ ਕਿਲਿੰਗ ਨੂੰ ਰੋਕਿਆ ਹੈ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਵੀਨ ਸੈਣੀ ਉਰਫ਼ ਚਿੰਟੂ ਖ਼ਿਲਾਫ਼ 21 ਅਤੇ ਨੀਰਜ ਕਪੂਰ ਖ਼ਿਲਾਫ਼ ਜਲੰਧਰ, ਮੁਹਾਲੀ, ਪਟਿਆਲਾ ਅਤੇ ਹੁਸ਼ਿਆਰਪੁਰ ਵਿੱਚ 6 ਗੰਭੀਰ ਦੋਸ਼ ਪੈਂਡਿੰਗ ਹਨ, ਜਦੋਂਕਿ ਦੋ ਹੋਰ ਗੈਂਗਸਟਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 6 ਜਲੰਧਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।