ਜਤਿੰਦਰ ਔਲਖ ਬਣੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵੇਂ ਚੇਅਰਮੈਨ, ਰਾਜਪਾਲ ਪੁਰੋਹਿਤ ਨੇ ਦੁਆਇਆ ਹਲਫ
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵੇਂ ਚੇਅਰਮੈਨ ਜਤਿੰਦਰ ਔਲਖਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਨੇ ਅੱਜ ਸਹੁੰ ਚੁੱਕੀ।ਰਾਜਭਵਨ ਵਿਚ ਆਯੋਜਿਤ ਸਮਾਗਮ ਵਿਚ ਰਾਜਪਾਲ ਪੁਰੋਹਿਤ ਨੇ ਉਨ੍ਹਾਂ ਨੂੰ ਹਲਫ ਦਿਵਾਈ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਹੁੰ ਚੁੱਕ ਸਮਾਰੋਹ ਦੀ ਕਾਰਵਾਈ ਚਲਾਈ।ਇਸ ਮੌਕੇ ਕਈ ਕੈਬਨਿਟ ਮੰਤਰੀ ਮੌਜੂਦ ਰਹੇ।
ਦੱਸ ਦੇਈਏ ਕਿ ਜਤਿੰਦਰ ਔਲਖ ਪੰਜਾਬ ਕੈਡਰ ਦੇ 1997 ਬੈਚ ਦੇ ਆਈਏਐੱਸ ਅਧਿਕਾਰੀ ਹਨ। ਉਹ ਪਿੰਡ ਬਰਗਾੜੀ (ਫਰੀਦਕੋਟ) ਦੇ ਰਹਿਣ ਵਾਲੇ ਹਨ। ਪੰਜਾਬ ਪੁਲਿਸ ਵਿਚ 33 ਸਾਲ ਸੇਵਾਵਾਂ ਨਿਭਾਉਣ ਦੇ ਬਾਅਦ ਏਡੀਜੀਪੀ ਰੈਂਕ ਤੋਂ ਇੰਟੈਲੀਜੈਂਸ ਚੀਫ ਵਜੋਂ ਰਿਟਾਇਰਡ ਹੋਏ ਸਨ। ਔਲਖ ਨੇ ਪੀਪੀਐੱਸ ਨਾਭਾ ਤੋਂ ਸਕੂਲੀ ਸਿੱਖਿਆ, ਡੀਏਵੀ ਕਾਲਜ ਚੰਡੀਗੜ੍ਹ ਤੋਂ ਬੀਏ (ਆਨਰਸ) ਪੰਜਾਬ ਯੂਨੀਵਰਸਿਟੀ ਤੋਂ ਐੱਲਐੱਲਬੀ ਤੇ ਇਤਿਹਾਸ ਵਿਸ਼ੇ ਵਿਚ ਐੱਮਏ ਦੀ ਡਿਗਰੀ ਹਾਸਲ ਕੀਤੀ।
ਆਪਣੇ ਸੇਵਾਕਾਰ ਦੌਰਾਨ ਉਹ ਵੱਖ-ਵੱਖ ਜ਼ਿਲ੍ਹਿਆਂ ਵਿਚ ਐੱਸਐੱਸਪੀ ਰਹੇ ਹਨ। ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ (ਵਿਸ਼ੇਸ਼), ਵਿਸ਼ੇਸ਼ ਸੇਵਾਵਾਂ ਲਈ ਪੁਲਿਸ ਮੈਡਲ, ਪੁਲਿਸ ਮੈਡਲ ਫਾਰ ਮੇਰੀਟੋਰੀਅਸ ਸਰਵਿਸ, ਮੁੱਖ ਮੰਤਰੀ ਮੈਡਲ ਤੇ ਤਿੰਨ ਵਾਰ ਡੀਜੀਪੀ ਦੇ ਪ੍ਰਸ਼ੰਸਾ ਪੱਤਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਰਾਜ ਮੁੱਖ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁੱਕਣ ਵਾਲੇ ਪ੍ਰਸਿੱਧ ਐਡਵੋਕੇਟ ਇੰਦਰਪਾਲ ਸਿੰਘ ਹੁਸ਼ਿਆਪੁਰ ਦੇ ਰਹਿਣ ਵਾਲੇ ਹਨ।ਉਨ੍ਹਾਂ ਨੇ ਕਾਨੂੰਨੀ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ। ਉਹ ਬ੍ਰਿਟਿਸ਼ ਹਾਈ ਕਮਿਸ਼ਨ ਲਈ ਸਟੇਡਿੰਗ ਕੌਂਸਲ, ਪੈਨਲ ਭਾਰਤੀ ਯੂਨੀਅਨ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਬਾਰ ਕੌਂਸਲ ਮੈਂਬਰ ਚੁਣੇ ਗਏ।
ਇਸ ਦੇ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਦੇ ਉਪ ਚੇਅਰਮੈਨ ਚੁਣੇ ਗਏ। ਉਨ੍ਹਾਂ ਨੂੰ 20 ਅਗਸਤ 2022 ਨੂੰ ਪੰਜਾਬ ਦੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ।