ਚੰਡੀਗੜ੍ਹ ਅਦਾਲਤ ‘ਚ ਪੇਸ਼ ਹੋਏ ਮਜੀਠੀਆ, 2021 ਦੇ ਧਰਨੇ ‘ਚ ਪੁਲਿਸ ‘ਤੇ ਹਮਲੇ ਦਾ ਹੈ ਮਾਮਲਾ

ਸਾਲ 2021 ‘ਚ ਦਿੱਤੇ ਧਰਨੇ ਦੌਰਾਨ ਆਪਣੇ ਖ਼ਿਲਾਫ਼ ਦਰਜ ਇਕ ਮਾਮਲੇ ‘ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸ਼ਨਿੱਚਰਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਮਨ ਇੰਦਰ ਸਿੰਘ ਸੰਧੂ ਦੀ ਅਦਾਲਤ ‘ਚ ਪੇਸ਼ ਹੋਏ।

ਪੁਲਿਸ ਨੇ ਮਜੀਠੀਆ ਸਮੇਤ 23 ਅਕਾਲੀ ਆਗੂਆਂ ਵਿਰੁੱਧ 6 ਨਵੰਬਰ, 2021 ਨੂੰ ਧਾਰਾ 188, 186, 356, 332 ਤੇ 34 ਤਹਿਤ ਸਜ਼ਾਯੋਗ ਅਪਰਾਧਾਂ ਲਈ ਕੇਸ ਦਰਜ ਕੀਤਾ ਸੀ।

ਪੁਲਿਸ ਨੇ ਇਕ ਪੁਲਿਸ ਇੰਸਪੈਕਟਰ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕੀਤੀ ਸੀ ਜਿਸ ਨੇ ਦੋਸ਼ ਲਗਾਇਆ ਕਿ ਅਕਾਲੀ ਆਗੂਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਜਦੋਂ ਉਹ ਚੰਡੀਗੜ੍ਹ ਦੇ ਸੈਕਟਰ 3 ਸਥਿਤ ਐੱਮਐੱਲਏ ਹੋਸਟਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ।

ਇੰਸਪੈਕਟਰ ਨੇ ਦਾਅਵਾ ਕੀਤਾ ਕਿ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਜਾ ਕੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਦੀ ਮੰਗ ਕੀਤੀ। ਪੁਲਿਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਬੈਰੀਕੇਡ ਲਗਾਏ ਹੋਏ ਸਨ। ਇਲਾਕੇ ਵਿੱਚ ਧਾਰਾ 144 ਲਾਗੂ ਹੋਣ ਕਾਰਨ ਆਗੂਆਂ ਨੂੰ ਅੱਗੇ ਨਾ ਵਧਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਸੀਨੀਅਰ ਆਗੂਆਂ ਦੇ ਉਕਸਾਉਣ ’ਤੇ ਵੱਡੀ ਗਿਣਤੀ ‘ਚ ਅਕਾਲੀ ਵਰਕਰਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ। ਇਸ ਮਗਰੋਂ ਉਨ੍ਹਾਂ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।

ਮਜੀਠੀਆ ਦੇ ਵਕੀਲ ਰਾਜੇਸ਼ ਕੁਮਾਰ ਰਾਏ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲਿਸ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਹਨ ਕਿਉਂਕਿ ਧਰਨਾ ਸ਼ਾਂਤਮਈ ਸੀ।

Leave a Reply

Your email address will not be published. Required fields are marked *