ਖੇਡਾਂ ‘ਚ ਐਸੋਸੀਏਸ਼ਨ ਤੋਂ ਬਾਹਰ ਹੋਣਗੇ ਸਿਆਸੀ ਲੀਡਰ ਅਤੇ ਰਿਸ਼ਤੇਦਾਰ!

ਨਵੀਂ ਖੇਡ ਪਾਲਿਸੀ ਜਾਰੀ ਕਰਨ ਤੋਂ ਬਾਅਦ ਹੁਣ ਮਾਨ ਸਰਕਾਰ ਖੇਡ ਐਸੋਸੀਏਸ਼ਨਾਂ ਵਿੱਚੋਂ ਸਿਆਸੀ ਦਖ਼ਲ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਤਿਆਰੀ ਕਰਨ ਜਾ ਰਹੀ ਹੈ । ਇਸ ਦੇ ਲਈ ਖੇਡ ਮੰਤਰਾਲਾ ਨੇ ਸਪੈਸ਼ਲ ਨੀਤੀ ਤਿਆਰ ਕੀਤੀ ਹੈ। ਮੌਜੂਦਾ ਖੇਡ ਐਸੋਸੀਏਸ਼ਨਾਂ ਨੂੰ ਭੰਗ ਕੀਤਾ ਜਾਵੇਗਾ ਅਤੇ ਅਹੁਦੇਦਾਰਾਂ ਦੀ ਚੋਣਾਂ ਤੋਂ ਪਹਿਲਾਂ ਸਪੋਰਟਸ ਕੋਰਡ ਤਿਆਰ ਕੀਤਾ ਜਾ ਰਿਹਾ ਹੈ । ਇਸ ਕੋਰਡ ਵਿੱਚ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਮੈਂਬਰਾਂ ਦੀ ਨਿਯੁਕਤੀ ਨੂੰ ਲੈਕੇ ਸਪੈਸ਼ਲ ਗਾਈਡ ਲਾਈਨ ਤਿਆਰ ਕੀਤੀਆਂ ਜਾਣਗੀਆਂ । ਜਿਸ ਵਿੱਚ ਸਿਆਸੀ ਆਗੂਆਂ ਨੂੰ ਐਸੋਸੀਏਸ਼ਨ ਤੋਂ ਬਾਹਰ ਕੀਤਾ ਜਾਵੇਗਾ ।

ਐਸੋਸੀਏਸ਼ਨਾਂ ‘ਤੇ ਉਨ੍ਹਾਂ ਕੌਮਾਂਤਰੀ ਅਤੇ ਕੌਮੀ ਖਿਡਾਰੀਆਂ ਨੂੰ ਬਿਠਾਇਆ ਜਾਵੇਗਾ ਜਿੰਨਾਂ ਨੇ ਪੰਜਾਬ ਅਤੇ ਦੇਸ਼ ਦੇ ਲਈ ਖੇਡਾਂ ਵਿੱਚ ਅਹਿਮ ਯੋਗਦਾਨ ਦਿੱਤਾ ਹੋਵੇ। ਸਿਰਫ਼ ਇੰਨਾਂ ਹੀ ਨਹੀਂ ਮਾਨ ਸਰਕਾਰ ਖੇਡ ਐਸੋਸੀਏਸ਼ਨਾਂ ਦੇ ਅਹੁਦੇ ‘ਤੇ ਉਮਰ ਦਾ ਪੈਮਾਨਾ ਵੀ ਤੈਅ ਕਰੇਗੀ ਤਾਂਕੀ ਸਪੋਰਟਸ ਐਸੋਸੀਏਸ਼ਨਾਂ ਨੂੰ ਖੇਡ ਨਤੀਜਿਆਂ ਪੱਖੋ ਮਜ਼ਬੂਤ ਬਣਾਇਆ ਜਾਵੇ।

ਦੱਸਿਆ ਜਾ ਰਿਹਾ ਹੈ ਕਿ ਸਪੋਰਟਸ ਕੋਰਡ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਜਿਸ ਨਾਲ ਸਿਆਸੀ ਆਗੂਆਂ ਵੱਖ-ਵੱਖ ਖੇਡਾਂ ਦੀਆਂ ਐਸੋਸੀਏਸ਼ਨਾਂ ਦੀ ਚੋਣ ਨਾ ਲੜ ਸਕਣ। ਸਿਰਫ਼ ਇੰਨਾਂ ਹੀ ਨਹੀਂ ਸਪੋਰਟਸ ਵਿਭਾਗ ਇਹ ਵੀ ਤਿਆਰੀ ਕਰ ਰਿਹਾ ਹੈ ਖੇਡ ਐਸੋਸੀਏਸ਼ਨਾਂ ਵਿੱਚ ਅਸਿੱਧੇ ਤੌਰ ‘ਤੇ ਵੀ ਸਿਆਸੀ ਦਖਲ ਨਾ ਹੋਵੇ । ਯਾਨੀ ਸਿਆਸਤਦਾਨ ਅਸਿੱਧੇ ਤੌਰ ‘ਤੇ ਆਪਣੇ ਰਿਸ਼ਤੇਦਾਰਾਂ ਦੇ ਜ਼ਰੀਏ ਵੀ ਖੇਡ ਐਸੋਸੀਏਸ਼ਨਾਂ ‘ਤੇ ਕਬਜ਼ਾ ਨਾ ਕਰ ਸਕਣਗੇ ।

ਪਹਿਲਾਂ ਹੁੰਦਾ ਇਹ ਸੀ  ਕਿ ਸਿਆਸਤਦਾਨ ਆਪਣੇ ਰੁਤਬੇ ਦਾ ਫਾਇਦਾ ਚੁੱਕ ਕੇ ਆਪ ਜਾਂ ਫਿਰ ਰਿਸ਼ਤੇਦਾਰਾਂ ਨੂੰ ਖੇਡ ਐਸੋਸੀਏਸ਼ਨਾਂ ਦੇ ਅਹਿਮ ਅਹੁਦਿਆਂ ‘ਤੇ ਬਿਠਾ ਦਿੰਦੇ ਸਨ ਜਿਸ ਨਾਲ ਖਿਡਾਰੀਆਂ ਦੇ ਨਾਲ ਖੇਡ ਨੂੰ ਨੁਕਸਾਨ ਹੁੰਦਾ ਸੀ । ਖੇਡ ਬਾਰੇ ਇੰਨੀ ਸਮਝ ਨਾ ਹੋਣ ਦੀ ਵਜ੍ਹਾ ਕਰਕੇ ਖੇਡ ਲਈ ਕੋਈ ਠੋਸ ਨੀਤੀ ਅਤੇ ਪਲਾਨਿੰਗ ਤਿਆਰ ਨਹੀਂ ਹੁੰਦੀ ਸੀ । ਖਿਡਾਰੀਆਂ ਵੱਲੋਂ ਵੀ ਖੇਡ ਮੁਕਾਬਲਿਆਂ ਦੀ ਚੋਣ ਸਮੇਂ ਵਿਤਕਰੇ ਦਾ ਇਲਜ਼ਾਮ ਲਗਾਇਆ ਜਾਂਦਾ ਸੀ ।

ਕੇਂਦਰ ਦੀ ਪਾਲਿਸੀ ਨੂੰ ਲਾਗੂ ਕਰੇਗੀ ਪੰਜਾਬ ਸਰਕਾਰ
ਕੇਂਦਰੀ ਖੇਡ ਮੰਤਰਾਲਾ ਨੇ ਕੁਝ ਹੀ ਸਮੇਂ ਪਹਿਲਾਂ ਸਪੋਰਟਸ ਕੋਡ ਨੂੰ ਲਾਗੂ ਕੀਤਾ ਹੈ ਜਿਸ ਦਾ ਮਕਸਦ ਇਹ ਹੀ ਸੀ ਸਾਲਾਂ ਤੋਂ ਜਿਹੜੇ ਲੋਕ ਖੇਡ ਐਸੋਸੀਏਸ਼ਨਾਂ ‘ਤੇ ਕਬਜ਼ਾ ਕਰਕੇ ਬੈਠੇ ਹਨ ਉਨ੍ਹਾਂ ਨੂੰ ਹਟਾਉਣਾ ਅਤੇ ਪਾਰਦਰਸ਼ਤਾ ਲਿਆਉਣਾ । ਪੰਜਾਬ ਸਰਕਾਰ ਵੀ ਉਸੇ ਸਪੋਰਟਸ ਕੋਡ ਦੀ ਤਰਜ਼ ‘ਤੇ ਹੁਣ ਪੰਜਾਬ ਵਿੱਚ ਇਹ ਲਾਗੂ ਕਰਨ ਜਾ ਰਹੀ ਹੈ । ਕੇਂਦਰ ਸਰਕਾਰ ਨੇ ਪੰਜਾਬ ਸਮੇਤ ਸਾਰੀਆਂ ਸਰਕਾਰਾਂ ਨੂੰ ਆਪਣੇ ਸੂਬੇ ਵਿੱਚ ਸਪੋਰਟਸ ਕੋਡ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂਕੀ ਖੇਡਾਂ ਨੂੰ ਉੱਚਾ ਚੁੱਕਿਆ ਜਾਵੇ।

ਏਸ਼ੀਅਨ ਖੇਡਾਂ ਵਿੱਚ ਪੰਜਾਬ ਨੇ 72 ਸਾਲ ਦਾ ਰਿਕਾਰਡ ਤੋੜਿਆ
ਇਸ ਵਾਰ ਚੀਨ ਵਿੱਚ ਹੋਇਆ  ਏਸ਼ੀਅਨ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ 72 ਸਾਲਾਂ ਦਾ ਰਿਕਾਰਡ ਤੋੜਿਆ ਹੈ ।  ਭਾਰਤ ਵੱਲੋ ਗਏ ਪੰਜਾਬ ਦੇ 33 ਖਿਡਾਰੀਆਂ ਨੇ 19 ਮੈਡਲ ਆਪਣੇ ਨਾਂ ਕੀਤੇ ਹਨ । ਜਿਸ ਵਿੱਚ 8 ਸੋਨ,6 ਚਾਂਦੀ,5 ਕਾਂਸੀ ਦੇ ਤਮਗੇ ਹਨ । ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਆਉਣ ਵਾਲਿਆਂ ਖੇਡਾਂ ਦੇ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ । ਇਸੇ ਲਈ ਸਪੋਰਟਸ ਨੀਤੀ ਤੋਂ ਬਾਅਦ ਐਸੋਸੀਏਸ਼ਨਾਂ ਵਿੱਚ ਸੁਧਾਰ ਲਿਆਉਣ ਦੇ ਲਈ ਸਪੋਰਟਸ ਕੋਡ ਨੀਤੀ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *