ਕੰਗਨਾ ਰਣੌਤ ਦੇ ਚੋਣ ਲੜਣ ‘ਤੇ ਸਰਵਣ ਸਿੰਘ ਪੰਧੇਰ ਦਾ ਤੰਜ, ਜਾਣੋ ਕੀ ਬੋਲੇ ਕਿਸਾਨ ਆਗੂ 

ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਮੰਡੀ ਤੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਇਸ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਤੰਜ ਕੱਸਦਿਆਂ ਕਿਹਾ ਹੈ ਕਿ ਜੇ ਭਾਜਪਾ ਨੂੰ 400 ਤੋਂ ਵੱਧ ਸੀਟਾਂ ਜਿੱਤਣ ਦਾ ਭਰੋਸਾ ਹੈ ਤਾਂ ਉਨ੍ਹਾਂ ਨੂੰ ਫ਼ਿਲਮੀ ਸਿਤਾਰਿਆਂ ਨੂੰ ਟਿਕਟਾਂ ਦੇਣ ਦੀ ਲੋੜ ਕਿਉਂ ਪੈ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਨੀ ਦਿਓਲ ਦੀ ਮਿਸਾਲ ਦਿੰਦਿਆਂ ਮੰਡੀ ਦੇ ਲੋਕਾਂ ਨੂੰ ਫ਼ਿਲਮੀ ਸਿਤਾਰਿਆਂ ਨੂੰ ਵੋਟ ਨਾ ਪਾਉਣ ਦੀ ਸਲਾਹ ਵੀ ਦਿੱਤੀ। 

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ ਦੇ ਬਾਰਡਰਾਂ ‘ਤੇ ਚੱਲ ਰਿਹਾ ਅੰਦੋਲਨ 41ਵੇਂ ਦਿਨ ਵਿਚ ਦਾਖ਼ਲ ਹੋ ਚੁੱਕਿਆ ਹੈ। ਭਾਜਪਾ ਦੀ ਅੰਦਰਲੀ ਘਬਰਾਹਟ ਸਾਹਮਣੇ ਆ ਚੁੱਕੀ ਹੈ। ਜਿਹੜੇ ਕਹਿੰਦੇ ਨੇ ਕਿ ਇਸ ਵਾਰ 400 ਤੋਂ ਪਾਰ, ਪਰ ਮੈਨੂੰ ਲੱਗਦਾ ਹੈ ਕਿ ਭਾਰਤ ਦੇ 140 ਕਰੋੜ ਲੋਕ ਭਾਜਪਾ ਨੂੰ ਸੱਤਾ ਤੋਂ ਕਿਤੇ ਬਾਹਰ ਨਾ ਕਰ ਦੇਣ। ਇਸ ਦੇ ਡਰ ਦੇ ਮਾਰੇ ਇਹ ਹੁਣ ਫ਼ਿਲਮੀ ਸਿਤਾਰਿਆਂ ਨੂੰ ਟਿਕਟਾਂ ਦੇ ਰਹੇ ਹਨ। ਉਨ੍ਹਾਂ ਕੰਗਨਾ ਰਣੌਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਹਿਮਾਚਲ ਵਾਸੀਆਂ ਨੂੰ ਕਿਹਾ ਕਿ ਗੁਰਦਾਸਪੁਰ ਤੋਂ ਸੰਨੀ ਦਿਓਲ ਜੀ ਨੂੰ MP ਬਣਾਇਆ ਸੀ, ਪਰ ਉਹ 5 ਸਾਲ ਸਾਨੂੰ ਇੱਥੇ ਨਹੀਂ ਲੱਭੇ। ਹੁਣ ਤੁਸੀਂ ਦੇਖ ਲਿਓ। ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇੰਨਾ ਵਿਸ਼ਵਾਸ ਹੈ ਕਿ 400 ਸੀਟਾਂ ਜਿੱਤ ਲੈਣਗੇ, ਤਾਂ ਉਨ੍ਹਾਂ ਨੂੰ ਫ਼ਿਲਮੀ ਸਿਤਾਰਿਆਂ ਨੂੰ ਟਿਕਟ ਦੇਣ ਦੀ ਕੀ ਲੋੜ ਪੈ ਗਈ। ਭਾਜਪਾ ਦੇ ਅੰਦਰ ਸਾਨੂੰ ਘਬਰਾਹਟ ਨਜ਼ਰ ਆ ਰਹੀ ਹੈ।

Leave a Reply

Your email address will not be published. Required fields are marked *