ਕੇਰਲ ਦੀ ਪੇਰੀਆਰ ਨਦੀ ‘ਚ ਹਜ਼ਾਰਾਂ ਮੱਛੀਆਂ ਦੀ ਮੌਤ, ਸਰਕਾਰ ਹੋਈ ਅਲਰਟ; ਮੌਤ ਦਾ ਕਾਰਨ ਆਇਆ ਸਾਹਮਣੇ
ਕੇਰਲ ਦੀ ਪੇਰੀਆਰ ਨਦੀ ‘ਚ ਹਜ਼ਾਰਾਂ ਮੱਛੀਆਂ ਦੇ ਮਰਨ ਤੋਂ ਬਾਅਦ ਸਰਕਾਰ ਚੌਕਸ ਹੋ ਗਈ ਹੈ। ਸਰਕਾਰ ਨੇ ਪੇਰੀਆਰ ਨਦੀ ਵਿੱਚ ਹਜ਼ਾਰਾਂ ਮੱਛੀਆਂ ਦੀ ਮੌਤ ਨੂੰ ਦੁਹਰਾਉਣ ਤੋਂ ਰੋਕਣ ਲਈ ਲੰਬੇ ਅਤੇ ਥੋੜ੍ਹੇ ਸਮੇਂ ਦੇ ਸੁਰੱਖਿਆ ਉਪਾਵਾਂ ‘ਤੇ ਚਰਚਾ ਕਰਨ ਲਈ ਵੀਰਵਾਰ ਨੂੰ ਬੈਠਕ ਕੀਤੀ।
ਪਿਛਲੇ ਮੰਗਲਵਾਰ ਨੂੰ ਵਰਪੁਝਾ, ਕਦਮਕੁਡੀ ਅਤੇ ਚੇਰਨੱਲੁਰ ਨੇੜੇ ਮੱਛੀ ਫਾਰਮਾਂ ਵਿੱਚ ਵੱਡੀ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਸਨ। ਮੱਛੀ ਪਾਲਕਾਂ, ਵਾਤਾਵਰਣ ਪ੍ਰੇਮੀਆਂ ਅਤੇ ਸਿਆਸੀ ਪਾਰਟੀਆਂ ਦੇ ਵਰਕਰਾਂ ਸਮੇਤ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ।
ਆਕਸੀਜਨ ਦੀ ਕਮੀ ਕਾਰਨ ਵੱਡੀ ਗਿਣਤੀ ਵਿੱਚ ਮੱਛੀਆਂ ਮਰੀਆਂ
ਮੰਨਿਆ ਜਾ ਰਿਹਾ ਹੈ ਕਿ ਪਾਣੀ ‘ਚ ਆਕਸੀਜਨ ਦੀ ਕਮੀ ਕਾਰਨ ਵੱਡੀ ਗਿਣਤੀ ‘ਚ ਮੱਛੀਆਂ ਦੀ ਮੌਤ ਹੋਈ ਹੈ। ਕੇਰਲ ਦੇ ਉਦਯੋਗ ਮੰਤਰੀ ਪੀ ਰਾਜੀਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰੈਗੂਲੇਟਰ-ਕਮ-ਬ੍ਰਿਜ ਦੇ ਦਰਵਾਜ਼ੇ ਖੁੱਲ੍ਹਣ ਕਾਰਨ ਹਜ਼ਾਰਾਂ ਮੱਛੀਆਂ ਮਰ ਗਈਆਂ।
ਪਾਣੀ ਦੀ ਜਾਂਚ ਕੀਤੀ ਜਾ ਰਹੀ ਹੈ
ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੇਰਲ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਾਣੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੇਰਲ ਯੂਨੀਵਰਸਿਟੀ ਆਫ ਫਿਸ਼ਰੀਜ਼ ਐਂਡ ਓਸ਼ਨ ਸਟੱਡੀਜ਼ (ਕੇਯੂਐਫਓਐਸ) ਵੱਲੋਂ ਮਰੀਆਂ ਮੱਛੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਦੀ ਜਾਂਚ ਉਪ ਜ਼ਿਲ੍ਹਾ ਮੈਜਿਸਟ੍ਰੇਟ ਕਮੇਟੀ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਹੈ।
ਵਿਸ਼ੇਸ਼ ਕਮੇਟੀ ਸ਼ਨੀਵਾਰ ਨੂੰ ਆਪਣੀ ਰਿਪੋਰਟ ਸੌਂਪੇਗੀ
ਪ੍ਰਦੂਸ਼ਣ ਬੋਰਡ, ਕੂਫੋਸ ਜਾਂਚ ਅਤੇ ਵਿਸ਼ੇਸ਼ ਕਮੇਟੀ ਸ਼ਨੀਵਾਰ ਨੂੰ ਆਪਣੀ ਰਿਪੋਰਟ ਦੇਵੇਗੀ ਅਤੇ ਇਸ ਦੇ ਆਧਾਰ ‘ਤੇ ਅਗਲਾ ਕਦਮ ਚੁੱਕਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਮੀਟਿੰਗ ਦੌਰਾਨ ਕੀਤੇ ਜਾਣ ਵਾਲੇ ਰੋਕਥਾਮ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ।