ਕਿਸਾਨਾਂ ਲਈ ਮਿਸਾਲ ਬਣਿਆ ਜਲੰਧਰ ਦਾ ਗੁਰਭੇਜ ਸਿੰਘ, 15 ਸਾਲਾਂ ਤੋਂ ਨਹੀਂ ਸਾੜੀ ਪਰਾਲੀ
ਪਰਾਲੀ ਪ੍ਰਬੰਧਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਉਸ ਦੇ ਨਾਲ ਹੀ ਫਸਲਾਂ ਦੀ ਪੈਦਾਵਾਰ ’ਚ ਵੀ ਵਾਧਾ ਹੁੰਦਾ ਹੈ। ਇਸ ਦੇ ਉਲਟ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਜਿੱਥੇ ਜ਼ਮੀਨ ਦੀ ਸਿਹਤ ਖ਼ਰਾਬ ਹੁੰਦੀ ਹੈ, ਉਥੇ ਹੀ ਕਈ ਤਰ੍ਹਾਂ ਦੇ ਮਿੱਤਰ ਕੀੜੇ ਵੀ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਇਹ ਸਾਰਾ ਤਜਰਬਾ ਪਿਛਲੇ ਸਾਲਾਂ ਦੌਰਾਨ ਖੇਤਾਂ ’ਚ ਪਰਾਲੀ ਪ੍ਰਬੰਧਨ ਨਾਲ ਆਏ ਸਾਰਥਕ ਨਤੀਜਿਆਂ ਤੋਂ ਹੋਇਆ ਹੈ। ਇਹ ਕਹਿਣਾ ਹੈ ਕਿ ਜ਼ਿਲ੍ਹੇ ਦੇ ਕਸਬਾ ਅਲਾਵਲਪੁਰ ਦੇ ਨੇੜਲੇ ਪਿੰਡ ਸਿਕੰਦਰਪੁਰ ਦੇ ਅਗਾਂਹਵਧੂ ਕਿਸਾਨ ਗੁਰਭੇਜ ਸਿੰਘ ਦਾ।
ਗੁਰਭੇਜ ਸਿੰਘ ਨੇ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਕਰੀਬ 55 ਏਕੜ ’ਚ ਖੇਤੀਬਾੜੀ ਹੈ ਅਤੇ ਉਹ 15 ਸਾਲਾਂ ਤੋਂ ਆਪਣੇ ਖੇਤਾਂ ’ਚ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ ਦੇ ਨਾਲ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ। ਇਸ ਦੇ ਨਤੀਜੇ ਹੁਣ ਉਨ੍ਹਾਂ ਦੇ ਸਾਹਮਣੇ ਪ੍ਰਤੱਖ ਰੂਪ ’ਚ ਆ ਚੁੱਕੇ ਹਨ। ਗੁਰਭੇਜ ਸਿੰਘ ਦੱਸਦੇ ਹਨ ਕਿ ਉਹ 55 ਏਕੜ ’ਚੋਂ 55 ਫੀਸਦੀ ਰਕਬੇ ’ਚ ਗੰਨੇ ਦੀ ਬਿਜਾਈ ਕਰਦੇ ਹਨ ਅਤੇ 30 ਫੀਸਦੀ ਰਕਬੇ ’ਚ ਆਲੂ ਦੀ ਬਿਜਾਈ ਕਰਦੇ ਹਨ। ਇਸ ਤੋਂ ਇਲਾਵਾ ਉਹ ਕਣਕ, ਝੋਨੇ ਤੇ ਮੱਕੀ ਦੀ ਕਾਸ਼ਤ ਵੀ ਕਰਦੇ ਹਨ। ਖੇਤਾਂ ’ਚ ਪਰਾਲੀ ਦਬਾਉਣ ਨਾਲ ਜਿੱਥੇ ਪੈਲੀ ਪੋਲੀ ਹੁੰਦੀ ਹੈ, ਉਥੇ ਹੀ ਕਣਕ ਤੇ ਆਲੂ ਤੇ ਹੋਰ ਫਸਲਾਂ ਦੀ ਪੈਦਾਵਾਰ ’ਚ ਵੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਫਸਲਾਂ ਨਾਲ ਲਾਏ ਜਾਣ ਵਾਲੇ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਝੋਨੇ ਦੀ ਵਾਢੀ ਤੋਂ ਬਾਅਦ ਉਹ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤਾਂ ’ਚ ਵਾਹ ਕੇ ਦਬਾਉਣ ਦੇ ਨਾਲ ਹੀ ਕਣਕ ਤੇ ਆਲੂ ਦੀ ਫਸਲ ਬੀਜਣ ਲਈ ਖੇਤ ਤਿਆਰ ਕਰ ਰਹੇ ਹਨ। ਇਸ ਕੰਮ ਲਈ ਉਹ ਪਲਟਵੇਂ ਹੱਲ ਤੋਂ ਇਲਾਵਾ ਸੁਪਰਸੀਡਰ ਤੇ ਜ਼ੀਰੋ ਟਰਿੱਲ ਡਰਿੱਲ ਮਸ਼ੀਨ ਦੀ ਵੀ ਵਰਤੋਂ ਕਰ ਰਹੇ ਹਨ।
ਗੁਰਭੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਖੇਤਾਂ ’ਚ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ ਨਾਲ ਥੋੜ੍ਹੀ ਜਿਹੀ ਵੱਧ ਮਿਹਨਤ ਕਰ ਕੇ ਉਹ ਜਿੱਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕਦੇ ਹਨ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਪੈਦਾਵਾਰ ਵਧਾ ਕੇ ਖ਼ੁਸ਼ਹਾਲ ਕਿਰਸਾਨੀ ਕਰ ਸਕਦੇ ਹਨ।
ਹੋਰਨਾਂ ਕਿਸਾਨਾਂ ਲਈ ਮਿਸਾਲ ਹਨ ਅਗਾਂਹਵਧੂ ਕਿਸਾਨ
ਜ਼ਿਲ੍ਹਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਅਫਸਰ ਡਾ. ਜਸਵੰਤ ਰਾਏ ਦਾ ਕਹਿਣਾ ਹੈ ਕਿ ਗੁਰਭੇਜ ਸਿੰਘ ਨੇ ਪਰਾਲੀ ਦੇ ਸੁਚੱਜੇ ਪ੍ਰਬੰਧ ਨਾਲ ਜਿੱਥੇ ਵਾਤਾਵਰਨ ਬਚਾਉਣ ’ਚ ਯੋਗਦਾਨ ਪਾ ਰਹੇ ਹਨ, ਉਥੇ ਹੀ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਕੇ ਆਰਥਿਕ ਖੁਸ਼ਹਾਲੀ ਵੱਲ ਵਧੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਗੁਰਭੇਜ ਸਿੰਘ ਤੇ ਹੋਰ ਅਗਾਂਹਵਧੂ ਕਿਸਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ, ਉਥੇ ਹੀ ਕਿਸਾਨਾਂ ਦੀ ਆਮਦਨ ਵੀ ਵਧੇਗੀ।