ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ CM ਮਾਨ ਦਾ ਐਲਾਨ- ਦੇਸ਼ ਭਰ ‘ਚ ਸਭ ਤੋਂ ਵੱਧ ਗੰਨੇ ਦਾ ਰੇਟ ਪੰਜਾਬ ‘ਚ ਮਿਲੇਗਾ
ਪੰਜਾਬ ਭਵਨ ਚੰਡੀਗੜ੍ਹ ‘ਚ ਕਿਸਾਨ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਦੇਸ਼ ਭਰ ‘ਚ ਸਭ ਤੋਂ ਵੱਧ ਗੰਨੇ ਦਾ ਰੇਟ ਪੰਜਾਬ ‘ਚ ਮਿਲੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਕੁਝ ਹੀ ਦਿਨਾਂ ‘ਚ ਸਭ ਤੋਂ ਜ਼ਿਆਦਾ ਗੰਨੇ ਦਾ ਰੇਟ ਮਿਲੇਗਾ।
ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਗੰਨਾ ਉਤਪਾਦਕਾਂ ਨੂੰ ਖੁਸ਼ਖਬਰੀ ਮਿਲੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਇਕ-ਦੋ ਦਿਨਾਂ ‘ਚ ਮੀਟਿੰਗਾਂ ਕਰ ਕੇ ਨਵੀਂ ਖੁਸ਼ਖਬਰੀ ਸਾਂਝੀ ਕਰਾਂਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨਾਲ ਬਹੁਤ ਵਧੀਆ ਮਾਹੌਲ ‘ਚ ਗੱਲਬਾਤ ਹੋਈ। ਯੂਨੀਅਨਾਂ ਨੇ ਰੇਲਵੇ ਟਰੈਕ ਤੋਂ ਧਰਨਾ ਚੁੱਕ ਲਿਆ ਹੈ ਤੇ ਹਾਈਵੇ ਵੀ ਜਲਦ ਖਾਲੀ ਕਰਨ ਦੀ ਸਹਿਮਤੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਰੇਲਾਂ ਤੇ ਹਾਈਵੇ ਰੋਕਣ ਦਾ ਰਿਵਾਜ ਖ਼ਤਮ ਕਰਨ ‘ਤੇ ਵੀ ਗੱਲਬਾਤ ਹੋਈ।
ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਪੰਜਾਬ ਦੀ ਸ਼ਾਨ ਤੇ ਆਧਾਰ ਹੈ। ਮੈਂ ਹਮੇਸ਼ਾਂ ਕਿਸਾਨਾਂ ਲਈ ਲੜਦਾ ਰਿਹਾ ਹਾਂ। ਮੈਂ ਖ਼ੁਦ ਕਿਸਾਨ ਦਾ ਪੁੱਤਰ ਹਾਂ। ਮੇਰੀ ਅਪੀਲ ਹੈ ਕਿ ਅਪਣੇ ਹੱਕ ਦੀ ਲੜਾਈ ਲੜੋ ਪਰ ਲੋਕਾਂ ਨੂੰ ਪਰੇਸ਼ਾਨ ਕਰਨਾ ਗ਼ਲਤ ਹੈ। ਪਟਵਾਰੀ ਮਸਲੇ ਦਾ ਹੱਲ ਵੀ ਅਸੀਂ ਹੀ ਕੀਤਾ। ਉਨ੍ਹਾਂ ਕਿਹਾ ਕਿ ਮੇਰਾ ਧਿਆਨ ਸਾਰੇ ਮਸਲਿਆਂ ਵੱਲ ਹੈ।
ਪਰਾਲੀ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ CM ਮਾਨ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਪੂਰੇ ਉੱਤਰ ਭਾਰਤ ਦੀ ਹੈ। ਇਸ ਸਬੰਧੀ ਪੀਐੱਮ ਮੋਦੀ ਨੂੰ ਪਹਿਲ ਕਰਨੀ ਚਾਹੀਦੀ ਹੈ।
ਸ਼ੂਗਰ ਮਿੱਲਾਂ ਵੱਲੋਂ ਰਹਿੰਦੇ ਬਕਾਏ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ‘ਚ 16 ਸ਼ੂਗਰ ਮਿੱਲਾਂ ਹਨ। ਕਿਸਾਨਾਂ ਨੂੰ 700 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ ਤੇ ਸਿਰਫ਼ ਦੋ ਮਿੱਲਾਂ ਅਜਿਹੀਆਂ ਹਨ ਜਿਨ੍ਹਾਂ ਵੱਲ ਕਿਸਾਨਾਂ ਦਾ ਬਕਾਇਆ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਮਿੱਲਾਂ ਦੇ ਮਾਲਕਾਂ ਨਾਲ ਭਲਕੇ ਮੀਟਿੰਗ ਕੀਤੀ ਜਾਵੇਗੀ।