ਕਿਸਾਨਾਂ ਦੇ ਜੋਸ਼ ਤੋਂ ‘ਘਬਰਾਈ’ ਦਿੱਲੀ ! 30,000 ਅੱਥਰੂ ਗੈਸ ਦੇ ਗੋਲਿਆਂ ਦਾ ਦਿੱਤਾ ਆਰਡਰ
ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਪਿਛਲੇ ਦੋ ਦਿਨਾਂ ਤੋਂ ਹਰਿਆਣਾ ਦੀਆਂ ਸਰਹੱਦਾਂ ਉੱਤੇ ਰੋਕਿਆ ਗਿਆ ਹੈ ਜਿੱਥੇ ਉਨ੍ਹਾਂ ਉੱਤੇ ਧੜਾਧੜ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਤਾਂ ਕਿ ਕਿਸਾਨ ਦਿੱਲੀ ਤਾਂ ਕੀ ਹਰਿਆਣਾ ਵਿੱਚ ਵੀ ਦਾਖਲ ਨਾ ਹੋ ਸਕਣ ਪਰ ਕਿਸਾਨਾਂ ਦਾ ਜੋਸ਼ ਦੇਖਦਾ ਇੰਝ ਲੱਗਦਾ ਹੈ ਕਿ 200 ਕਿਲੋਮੀਟਰ ਦੂਰ ਬੈਠੀ ਦਿੱਲੀ ਪੁਲਿਸ ਵੀ ‘ਘਬਰਾਅ’ ਗਈ ਹੈ ਕਿਉਂਕਿ ਪੁਲਿਸ ਨੇ 30 ਹਜ਼ਾਰ ਅੱਥਰੂ ਗੈਸ ਦੇ ਗੋਲਿਆਂ ਦਾ ਆਰਡਰ ਦਿੱਤਾ ਹੈ।
ਕਦੋਂ ਕੀਤੀ ਜਾਂਦੀ ਹੈ ਅੱਥਰੂ ਗੈਸ ਦੇ ਗੋਲੇ ਦੀ ਵਰਤੋਂ ?
ਇੱਕ ਅਧਿਕਾਰੀ ਨੇ ਕਿਹਾ ਕਿ ਤਿਆਰੀ ਦੇ ਤਹਿਤ ਦਿੱਲੀ ਪੁਲਿਸ ਨੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਅੱਥਰੂ ਗੈਸ ਦੇ ਗੋਲੇ ਜਮ੍ਹਾ ਕਰਕੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਬੀਐਸਐਫ ਨੂੰ 30,000 ਗੋਲਿਆਂ ਦਾ ਆਰਡਰ ਦਿੱਤਾ ਹੈ। ਇਹ ਆਰਡਰ ਗਵਾਲੀਅਰ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ। ਜ਼ਿਕਰ ਕਰ ਦਈਏ ਕਿ ਅੱਥਰੂ ਗੈਸ ਦਾ ਗੋਲਾ ਦੰਗਾ ਵਿਰੋਧੀ ਸਾਧਨ ਹੈ ਜਿਸ ਦੀ ਵਰਤੋਂ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਕੀਤੀ ਜਾਂਦੀ ਹੈ। ਇਸ ਗੈਸ ਦੀ ਵਰਤੋਂ ਨਾਲ ਅੱਖਾਂ ਵਿੱਚ ਜਲਣ ਮਹਿਸੂਸ ਹੁੰਦੀ ਹੈ ਤੇ ਹੰਛੂ ਆਉਣ ਲੱਗ ਜਾਂਦੇ ਹਨ।
ਕਿਸਾਨਾਂ ਦੇ ਅੰਦੋਲਨ ਕਰਕੇ ਦਿੱਤਾ ਗਿਆ ਨਵਾਂ ਆਰਡਰ
ਅਧਿਕਾਰੀ ਨੇ ਕਿਹਾ ਕਿ ਸਤੰਬਰ 2023 ਵਿੱਚ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਅੱਥਰੂ ਗੈਸ ਦੇ ਗੋਲਿਆਂ ਦਾ ਸਟਾਕ ਆਰਡਰ ਕੀਤਾ ਗਿਆ ਸੀ ਪਰ ਹੁਣ ਕਿਸਾਨਾਂ ਦੇ ਅੰਦੋਲਨ ਕਰਕੇ ਨਵਾਂ ਆਰਡਰ ਦਿੱਤਾ ਗਿਆ ਹੈ।
ਕਿੰਨੀ ਹੁੰਦੀ ਹੈ ਅੱਥਰੂ ਗੈਸ ਦੇ ਗੋਲੇ ਦੀ ਉਮਰ ?
ਜ਼ਿਕਰ ਕਰ ਦਈਏ ਕਿ ਅੱਥਰੂ ਗੈਸ ਦੇ ਗੋਲੇ ਦੀ ਉਮਰ ਤਿੰਨ ਸਾਲ ਹੁੰਦੀ ਹੈ ਜਿਸ ਤੋਂ ਬਾਅਦ ਉਸ ਦਾ ਅਸਰ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਪਰ ਸੁਰੱਖਿਆ ਕਰਮਚਾਰੀ ਇਸ ਦੀ ਵਰਤੋਂ ਆਪਣੀ ਟਰੇਨਿੰਗ ਲਈ ਸੱਤ ਸਾਲ ਤੱਕ ਵਰਤੋਂ ਕਰ ਸਕਦੇ ਹਨ।
ਸਟਾਕ ਮਿਲਣ ਤੋਂ ਬਾਅਦ ਬਾਰਡਰਾਂ ਉੱਤੇ ਵੰਡੇ ਜਾਣਗੇ ਗੋਲੇ
ਅਧਿਕਾਰੀ ਨੇ ਦੱਸਿਆ ਕਿ ਸਟਾਕ ਮਿਲਣ ਤੋਂ ਬਾਅਦ ਇਸ ਨੂੰ ਜਿਲ੍ਹਾ ਪੁਲਿਸ ਤੇ ਦੂਜੀਆਂ ਇਕਾਈਆਂ ਨੂੰ ਵੰਡਿਆ ਜਾਵੇਗਾ ਤਾਂ ਕਿ ਕਿਸਾਨਾਂ ਨੂੰ ਦਿੱਲੀ ਦਾਖ਼ਲ ਹੋਣ ਤੋਂ ਰੋਕਿਆ ਜਾਵੇ। ਜ਼ਿਕਰ ਕਰ ਦਈਏ ਕਿ ਦਿੱਲੀ ਪੁਲਿਸ ਨੇ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਸਰਹੱਦਾਂ ਉੱਤੇ ਕਿਸਾਨਾਂ ਨੂੰ ਰੋਕਣ ਲਈ ਇੰਤਜ਼ਾਮ ਕੀਤੇ ਗਏ ਹਨ। ਇਨ੍ਹਾਂ ਸਰਹੱਦਾਂ ਉੱਤੇ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।