ਕਰੋੜਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ, EPFO ਨੇ ਪੀਐੱਫ ‘ਤੇ ਵਧਾਇਆ ਵਿਆਜ; ਜਾਣੋ ਹੁਣ ਕਿੰਨਾ ਮਿਲੇਗਾ
EPFO ਨੇ ਚਾਲੂ ਵਿੱਤੀ ਸਾਲ ਲਈ ਕਰੋੜਾਂ ਮੁਲਾਜ਼ਮਾਂ ਲਈ ਵਿਆਜ ਦਰ ਵਧਾ ਦਿੱਤੀ ਹੈ ਰਿਟਾਇਰਮੈਂਟ ਫੰਡ ਬਾਡੀ EPFO ਨੇ ਸ਼ਨਿਚਰਵਾਰ ਨੂੰ 2023-24 ਲਈ ਕਰਮਚਾਰੀ ਭਵਿੱਖ ਨਿਧੀ (EPF) ਜਮ੍ਹਾ ‘ਤੇ ਤਿੰਨ ਸਾਲਾਂ ਦੀ ਸਭ ਤੋਂ ਉੱਚੀ ਵਿਆਜ ਦਰ 8.25 ਫੀਸਦੀ ਤੈਅ ਕੀਤੀ ਹੈ। ਮਾਰਚ 2023 ‘ਚ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ 2022-23 ਲਈ EPF ‘ਤੇ ਵਿਆਜ ਦਰ ਨੂੰ 2021-22 ‘ਚ 8.10 ਫੀਸਦੀ ਤੋਂ ਵਧਾ ਕੇ 8.15 ਫੀਸਦੀ ਕਰ ਦਿੱਤਾ ਸੀ।
ਮਾਰਚ 2022 ‘ਚ EPFO ਨੇ 2021-22 ਲਈ EPF ‘ਤੇ ਵਿਆਜ ਨੂੰ 2020-21 ‘ਚ 8.5 ਫੀਸਦੀ ਤੋਂ ਘਟਾ ਕੇ ਆਪਣੇ ਛੇ ਕਰੋੜ ਤੋਂ ਵੱਧ ਗਾਹਕਾਂ ਲਈ 8.1 ਫੀਸਦੀ ਦੇ ਚਾਰ ਦਹਾਕਿਆਂ ਦੇ ਹੇਠਲੇ ਪੱਧਰ ‘ਤੇ ਕਰ ਦਿੱਤਾ ਸੀ। ਇਹ 1977-78 ਤੋਂ ਬਾਅਦ ਸਭ ਤੋਂ ਘੱਟ ਸੀ, ਜਦੋਂ ਈਪੀਐਫ ਦੀ ਵਿਆਜ ਦਰ 8 ਪ੍ਰਤੀਸ਼ਤ ਸੀ।
ਇਕ ਸੂਤਰ ਨੇ ਦੱਸਿਆ ਕਿ ਈਪੀਐਫਓ ਦੇ ਫੈਸਲੇ ਲੈਣ ਵਾਲੀ ਸੰਸਥਾ ਸੈਂਟਰਲ ਬੋਰਡ ਆਫ਼ ਟਰੱਸਟੀਜ਼ (CBT) ਨੇ ਸ਼ਨੀਵਾਰ ਨੂੰ ਆਪਣੀ ਮੀਟਿੰਗ ‘ਚ 2023-24 ਲਈ ਈਪੀਐਫ ‘ਤੇ 8.25 ਫੀਸਦੀ ਵਿਆਜ ਦਰ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।
CBT ਵੱਲੋਂ 2020-21 ਲਈ EPF ਜਮ੍ਹਾ ‘ਤੇ 8.5 ਫੀਸਦੀ ਵਿਆਜ ਦਰ ਮਾਰਚ 2021 ‘ਚ ਤੈਅ ਕੀਤੀ ਗਈ ਸੀ।
CBT ਦੇ ਫੈਸਲੇ ਤੋਂ ਬਾਅਦ 2023-24 ਲਈ EPF ਜਮ੍ਹਾ ‘ਤੇ ਵਿਆਜ ਦਰ ਨੂੰ ਸਹਿਮਤੀ ਲਈ ਵਿੱਤ ਮੰਤਰਾਲੇ ਨੂੰ ਭੇਜਿਆ ਜਾਵੇਗਾ। ਸਰਕਾਰ ਦੀ ਮਨਜ਼ੂਰੀ ਤੋਂ ਬਾਅਦ 2023-24 ਲਈ EPF ‘ਤੇ ਵਿਆਜ ਦਰ EPFO ਦੇ ਛੇ ਕਰੋੜ ਤੋਂ ਵੱਧ ਗਾਹਕਾਂ ਦੇ ਖਾਤਿਆਂ ‘ਚ ਜਮ੍ਹਾ ਹੋ ਜਾਵੇਗੀ।