ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆਂ ’ਚ ਚੋਣਾਂ ਲੜਨਗੇ, ਜਾਣੋ ਕੀ ਕਿਹਾ ਭਵਿੱਖ ਦੀਆਂ ਯੋਜਨਾਵਾਂ ਬਾਰੇ
ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਨੇ ਬਰਤਾਨੀਆਂ ਦੇ ਜਾਰਜ ਗੈਲੋਵੇ ਦੀ ਫ੍ਰਿੰਜ ਵਰਕਰਜ਼ ਪਾਰਟੀ ਦੀ ਨੁਮਾਇੰਦਗੀ ਕਰਦਿਆਂ ਬਰਤਾਨੀਆਂ ਦੀਆਂ ਚੋਣਾਂ ਵਿਚ ਅਪਣੀ ਉਮੀਦਵਾਰੀ ਦਾ ਐਲਾਨ ਕਰ ਕੇ ਸਿਆਸੀ ਖੇਤਰ ਵਿਚ ਅਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ।
ਇੰਗਲੈਂਡ ਲਈ 50 ਟੈਸਟ ਮੈਚਾਂ ’ਚ 167 ਵਿਕਟਾਂ ਲੈਣ ਵਾਲੇ 42 ਸਾਲ ਦੇ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਈਲਿੰਗ ਸਾਊਥਾਲ ਤੋਂ ਦਾਅਵੇਦਾਰੀ ਕਰਨਗੇ। ਪਨੇਸਰ ਨੇ ‘ਦਿ ਟੈਲੀਗ੍ਰਾਫ’ ਵਿਚ ਇਕ ਕਾਲਮ ਵਿਚ ਕਿਹਾ, ‘‘ਮੈਂ ਇਸ ਦੇਸ਼ ਦੇ ਮਜ਼ਦੂਰਾਂ ਦੀ ਆਵਾਜ਼ ਬਣਨਾ ਚਾਹੁੰਦਾ ਹਾਂ।’’ ਉਨ੍ਹਾਂ ਕਿਹਾ, ‘‘ਸਿਆਸਤ ’ਚ ਮੇਰੀ ਇੱਛਾ ਇਕ ਦਿਨ ਪ੍ਰਧਾਨ ਮੰਤਰੀ ਬਣਨ ਦੀ ਹੈ, ਜਿੱਥੇ ਮੈਂ ਬਰਤਾਨੀਆਂ ਨੂੰ ਇਕ ਸੁਰੱਖਿਅਤ ਅਤੇ ਮਜ਼ਬੂਤ ਰਾਸ਼ਟਰ ਬਣਾਵਾਂਗਾ। ਪਰ ਮੇਰਾ ਪਹਿਲਾ ਕੰਮ ਈਲਿੰਗ ਸਾਊਥਾਲ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਹੈ।’’
ਸਾਬਕਾ ਸੰਸਦ ਮੈਂਬਰ ਸਰ ਟੋਨੀ ਲੋਇਡ ਦੀ ਮੌਤ ਤੋਂ ਬਾਅਦ ਰੋਚਡੇਲ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਮਾਰਚ ਵਿਚ ਹਾਊਸ ਆਫ ਕਾਮਨਜ਼ ਵਿਚ ਵਾਪਸ ਆਏ ਗੈਲੋਵੇ ਨੇ ਮੰਗਲਵਾਰ ਨੂੰ ਪਨੇਸਰ ਦੇ ਚੋਣ ਲੜਨ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, ‘‘ਮੈਂ ਅੱਜ ਦੁਪਹਿਰ ਸੰਸਦ ਦੇ ਬਾਹਰ ਉਨ੍ਹਾਂ ’ਚੋਂ 200 ਨੂੰ ਪੇਸ਼ ਕਰਾਂਗਾ, ਜਿਨ੍ਹਾਂ ’ਚ ਤੁਹਾਨੂੰ ਪਸੰਦ ਆਏਗਾ – ਇੰਗਲੈਂਡ ਦੇ ਸਾਬਕਾ ਕੌਮਾਂਤਰੀ ਕ੍ਰਿਕੇਟਰ ਮੌਂਟੀ ਪਨੇਸਰ, ਜੋ ਸਾਊਥਹਾਲ ’ਚ ਸਾਡੇ ਉਮੀਦਵਾਰ ਹੋਣਗੇ।’’