ਇਮੀਗ੍ਰੇਸ਼ਨ ਬਾਰਡਰ ਸਟਾਫ ਵੱਲੋ ਨਵੀਂ ਸਾਲ ਦੇ ਮੌਕੇ ਹੜਤਾਲ ਦਾ ਐਲਾਨ,ਲੋਕ ਹੋਣਗੇ ਏਅਰਪੋਰਟ ਤੇ ਖੱਜਲ
ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਬਾਰਡਰ ਸਟਾਫ ਨੇ ਨਵੇਂ ਸਾਲ ਦੀ ਆਮਦ ‘ਤੇ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਹੜਤਾਲ ਸਰਕਾਰ ਵੱਲੋਂ ਤਨਖ਼ਾਹ ਵਿੱਚ ਵਾਧੇ ਦੀ ਮੰਗ ਨੂੰ ਨਾ ਮੰਨਣ ਤੋਂ ਬਾਅਦ ਕੀਤੀ ਜਾ ਰਹੀ ਹੈ।
ਲਗਭਗ 100 ਪਬਲਿਕ ਸਰਵਿਸ ਅਸੋਸੀਏਸ਼ਨ (PSA) ਮੈਂਬਰ, ਜੋ ਬਾਰਡਰ ਤੇ ਕੰਮ ਕਰਦੇ ਹਨ, 31 ਦਸੰਬਰ ਨੂੰ ਸਵੇਰੇ 6 ਵਜੇ ਤੋਂ 20 ਜਨਵਰੀ ਤੱਕ ਹੜਤਾਲ ਵਿੱਚ ਸ਼ਾਮਲ ਹੋਣਗੇ। ਇਸ ਹੜਤਾਲ ਦੌਰਾਨ ਕਰਮਚਾਰੀ ਅਦਾਇਗੀ ਰਹਿਤ ਕੰਮ ਕਰਨ ਤੋਂ ਇਨਕਾਰ ਕਰਨਗੇ ਅਤੇ ਖਾਣੇ ਤੇ ਅਤੇ ਹੋਰ ਬ੍ਰੇਕ ਸਾਰੇ ਕਰਮਚਾਰੀ ਇੱਕੋ ਸਮੇਂ ਲੈਣਗੇ।
PSA ਦੇ ਕਾਰਜਕਾਰੀ ਰਾਸ਼ਟਰੀ ਸਕੱਤਰ ਫਲੋਰ ਫਿਟਸਿਮੋਨਸ ਨੇ ਕਿਹਾ ਕਿ ਸਰਕਾਰ ਨੇ ਕਰਮਚਾਰੀਆਂ ਨੂੰ “ਪੂਰੀ ਤਰ੍ਹਾਂ ਅਣਗੋਲੇ ਕੀਤਾ ਹੈ” ਅਤੇ ਤਨਖ਼ਾਹ ਵਿਚ ਵਾਧੇ ਦੀ ਮੰਗ ਨੂੰ ਲਗਭਗ ਇੱਕ ਸਾਲ ਤੋਂ ਲਟਕਾਇਆ ਹੋਇਆ ਹੈ।
ਉਹਨਾਂ ਕਿਹਾ, “ਬਾਰਡਰ ਓਪਰੇਸ਼ਨ ਸਟਾਫ ਅਤੇ ਸਾਰੇ MBIE ਕਰਮਚਾਰੀ ਇੱਕ ਅਜਿਹੇ ਵਾਧੇ ਦੇ ਹਕਦਾਰ ਹਨ ਜੋ ਉਨ੍ਹਾਂ ਦੇ ਕੰਮ ਅਤੇ living wages ਨੂੰ ਧਿਆਨ ਵਿੱਚ ਰੱਖੇ।”
ਹੜਤਾਲ ਦੇ ਕਾਰਨ ਬਾਰਡਰ ਜਿਹਨਾਂ ਚ ਏਅਰਪੋਰਟ ‘ਤੇ ਦਿੱਕਤਾ ਹੋ ਸਕਦੀਆਂ ਹਨ,ਅਤੇ ਮੁਲਕ ਤੋਂ ਬਾਹਰ ਜਾਣ ਵਾਲੇ ਲੋਕ ਇਸ ਨਾਲ ਪ੍ਰਭਾਵਿਤ ਹੋ ਸਕਦੇ ਹਨ ਪਰ ਫਿਟਸਿਮੋਨਸ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਵਧੀਆ ਪੇਸ਼ਕਸ਼ ਨਾ ਕੀਤੀ ਤਾਂ ਹੜਤਾਲ ਦਾ ਪੱਧਰ ਵਧਾਇਆ ਜਾ ਸਕਦਾ ਹੈ, ਜਿਸ ਨਾਲ ਮੁਲਕ ਵਿੱਚ ਵੱਡੇ ਪੱਧਰ ਤੇ ਰੁਕਾਵਟ ਪੈ ਸਕਦੀ ਹੈ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਕਿ ਹੜਤਾਲ ਦੌਰਾਨ ਲੋਕਾਂ ਦੇ ਕੰਮ ਕਾਜ ਨੂੰ ਪੂਰਾ ਕਰਨ ਲਈ ਯੋਜਨਾਵਾਂ ਬਣਾਈਆਂ ਗਈਆਂ ਹਨ ਅਤੇ ਪ੍ਰਭਾਵ ਘੱਟ ਰਹੇਗਾ, ਹਾਲਾਂਕਿ ਕੁਝ ਕੇਸਾਂ ਵਿੱਚ ਇੰਤਜ਼ਾਰ ਦਾ ਸਮਾਂ ਵੱਧ ਸਕਦਾ ਹੈ।
ਬਾਰਡਰ ਸਟਾਫ, ਜੋ ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਪੋਰਟਾਂ ‘ਤੇ ਕੰਮ ਕਰਦੇ ਹਨ, ਯਾਤਰੀਆਂ ਦੀ ਦਸਤਾਵੇਜ਼ੀਕਰਨ ਦੇ ਨਾਲ-ਨਾਲ ਕਸਟਮ, ਪੁਲਿਸ ਅਤੇ ਹੋਰ ਏਜੰਸੀਜ਼ ਨਾਲ ਮਿਲ ਕੇ ਨਿਊਜੀਲੈਂਡ ਨੂੰ ਬਾਹਰੀ ਖਤਰੇ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਹ ਹੜਤਾਲ ਸਰਕਾਰ ਅਤੇ ਪਬਲਿਕ ਸੈਕਟਰ ਕਰਮਚਾਰੀਆਂ ਵਿੱਚ ਵਧ ਰਹੇ ਤਣਾਅ ਨੂੰ ਦਰਸਾਉਂਦੀ ਹੈ, ਜਿੱਥੇ ਕਰਮਚਾਰੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਅਤੇ ਇਸ ਤਰਾਂ ਦੇ ਵਰਤਾਰੇ ਹੁਣ ਪੂਰੀ ਦੁਨੀਆ ਚ ਵਾਪਰ ਰਹੇ ਹਨ ਜਿੱਥੇ ਕਾਮੇ ਆਪਣੀ ਤਨਖ਼ਾਹ ਦੇ ਵਾਧੇ ਲਈ ਹੜਤਾਲ਼ ਦਾ ਸਹਾਰਾ ਲੈ ਰਹੇ ਹਨ