ਇਕ ਸਾਲ ’ਚ ਅਮਰੀਕਾ ’ਚ ਨਾਜਾਇਜ਼ ਦਾਖ਼ਲੇ ਦੀ ਕੋਸ਼ਿਸ਼ ਕਰਦੇ 97 ਹਜ਼ਾਰ ਭਾਰਤੀ ਫੜੇ, ਲਗਾਤਾਰ ਵੱਧ ਰਹੀ ਹੈ ਗਿਣਤੀ

ਬਿਹਤਰ ਕਰੀਅਰ ਦੀ ਉਮੀਦ ’ਚ ਲੋਕ ਦੁਨੀਆ ਭਰ ਤੋਂ ਅਮਰੀਕਾ ਪਹੁੰਚਦੇ ਹਨ। ਇਨ੍ਹਾਂ ’ਚੋਂ ਕਈ ਲੋਕ ਉੱਥੇ ਪਹੁੰਚਣ ਲਈ ਨਾਜਾਇਜ਼ ਤਰੀਕੇ ਵੀ ਅਪਣਾਉਂਦੇ ਹਨ ਤੇ ਇਸ ਚੱਕਰ ’ਚ ਫੜੇ ਜਾਂਦੇ ਹਨ। ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ (ਯੂਸੀਬੀਪੀ) ਡਾਟਾ ਮੁਤਾਬਕ, ਅਕਤੂਬਰ 2022 ਤੇ ਸਤੰਬਰ 2023 ਦੌਰਾਨ 97 ਹਜ਼ਾਰ ਭਾਰਤੀ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੁੰਦੇ ਫ਼ੜੇ ਗਏ ਹਨ।

ਸਾਲ 2021-22 ਦੌਰਾਨ ਇਹ ਗਿਣਤੀ 63,927 ਸੀ, ਜਦਕਿ 2020-21 ਦੌਰਾਨ ਇਹ 30,662 ਸੀ। ਸਾਲ 2019-20 ਦੌਰਾਨ ਇਹ ਅੰਕੜਾ 19,883 ਸੀ। ਇਸ ਦੇ ਮੁਕਾਬਲੇ ’ਚ ਦੇਖੀਏ ਤਾਂ ਨਾਜਾਇਜ਼ ਤਰੀਕੇ ਨਾਲ ਦਾਖ਼ਲੇ ਦੌਰਾਨ ਫੜੇ ਗਏ ਭਾਰਤੀਆਂ ਦੀ ਇਹ ਗਿਣਤੀ ਪੰਜ ਗੁਣਾ ਤੱਕ ਵੱਧ ਗਈ ਹੈ।

ਇਸ ਦੌਰਾਨ ਸੈਨੇਟਰ ਜੇਮਜ਼ ਲੈਂਕਫੋਰਡ ਨੇ ਵੀਰਵਾਰ ਨੂੰ ਸੈਨੇਟ ’ਚ ਕਿਹਾ ਕਿ ਇਹ ਲੋਕ ਨਜ਼ਦੀਕੀ ਹਵਾਈ ਅੱਡੇ ਮੈਕਸੀਕੋ ਤੱਕ ਪਹੁੰਚਣ ਲਈ ਫਰਾਂਸ ਵਰਗੇ ਦੇਸ਼ਾਂ ਤੋਂ ਹੋ ਕੇ ਲਗਪਗ ਚਾਰ ਉਡਾਣਾਂ ਲੈਂਦੇ ਹਨ। ਸਰਹੱਦ ਤੱਕ ਕਾਰਟੇਲ ਵੱਲੋਂ ਕਿਰਾਏ ’ਤੇ ਲਈ ਗਈ ਬੱਸ ਜ਼ਰੀਏ ਪਹੁੰਚਦੇ ਹਨ। ਉੱਥੇ ਉਨ੍ਹਾਂ ਦੀ ਆਖ਼ਰੀ ਡਿਲੀਵਰੀ ਲਈ ਛੱਡ ਦਿੱਤਾ ਜਾਂਦਾ ਹੈ। ਲੈਂਕਫੋਰਡ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਭਾਰਤ ਤੋਂ 45 ਹਜ਼ਾਰ ਲੋਕ ਆਏ ਹਨ, ਜਿਹੜੇ ਸਾਡੀ ਦੱਖਣੀ ਸਰਹੱਦ ਪਾਰ ਕਰ ਚੁੱਕੇ ਹਨ। ਕਾਰਟੇਲ ਦਾ ਭੁਗਤਾਨ ਕਰ ਚੁੱਕੇ ਹਨ ਤੇ ਸਾਡੇ ਦੇਸ਼ ’ਚ ਵੜ ਆਏ ਹਨ।

ਲੈਂਕਫੋਰਡ ਨੇ ਕਿਹਾ ਕਿ ਮੈਕਸੀਕੋ ’ਚ ਇਸ ਕੰਮ ਨਾਲ ਜੁੜੇ ਲੋਕ ਦੁਨੀਆ ਭਰ ਤੋਂ ਆਉਣ ਵਾਲਿਆਂ ਨੂੰ ਸਿਖਲਾਈ ਦੇ ਰਹੇ ਹਨ ਕਿ ਕੀ ਕਹਿਣਾ ਹੈ ਕਿ ਤੇ ਕਿੱਥੇ ਜਾਣਾ ਹੈ ਤਾਂ ਜੋ ਪਨਾਹ ਪ੍ਰਕਿਰਿਆ ਦਾ ਗ਼ਲਤ ਫ਼ਾਇਦਾ ਉਠਾਇਆ ਜਾ ਸਕੇ ਤੇ ਪਨਾਹ ਲੈਣ ਦੇ ਮਾਮਲੇ ਦੀ ਸੁਣਵਾਈ ਦਾ ਇੰਤਜ਼ਾਰ ਕਰਦੇ ਹੋਏ ਦੇਸ਼ ’ਚ ਦਾਖ਼ਲ ਹੋਇਆ ਜਾ ਸਕੇ।

Leave a Reply

Your email address will not be published. Required fields are marked *