ਆਨੰਦ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਲਾਵਾਂ ਦੌਰਾਨ ਲਹਿੰਗਾ ਤੇ ਘੱਗਰਾ ਪਾਉਣ ‘ਤੇ ਲੱਗੀ ਪਾਬੰਦੀ

ਪੰਜ ਸਿੰਘ ਸਾਹਿਬਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਚ ਸਿੱਖ ਮਰਿਆਦਾ ਦੇ ਨਾਲ ਆਨੰਦ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨੰਦੇੜ ਸਾਹਿਬ ਵਿਚ ਬੈਠਕ ਦੇ ਬਾਅਦ ਪਾਸ ਪ੍ਰਸਤਾਵ ਨੂੰ ਸਖਤੀ ਨਾਲ ਅਮਲ ਕਰਨ ਨੂੰ ਵੀ ਕਿਹਾ ਹੈ। ਜੇਕਰ ਇਸ ਦਾ ਪਾਲਣ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਨਿਰਦੇਸ਼ ਵਿਆਹ ਤੇ ਲਾਵਾਂ (ਫੇਰਿਆਂ) ਦੌਰਾਨ ਵਧ ਰਹੀ ਵਿਖਾਵਾ ਪ੍ਰਥਾ ਨੂੰ ਦੇਖਦੇ ਹੋਏ ਵੀ ਦਿੱਤੇ ਗਏ ਹਨ।

ਇਨ੍ਹਾਂ ਵਿਚ ਸਭ ਤੋਂ ਅਹਿਮ ਲੜਕੀਆਂ ਨੂੰ ਲਾਵਾਂ ਦੌਰਾਨ ਭਾਰੀ ਲਹਿੰਗੇ ਨਾ ਪਹਿਨਣਨ, ਸਿਰਫ ਕਮੀਜ਼-ਸਲਵਾਰ ਤੇ ਸਿਰ ‘ਤੇ ਚੁੰਨੀ ਦੇ ਨਾਲ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਕਸਰ ਦੇਖਿਆ ਗਿਆ ਹੈ ਕਿ ਲਾਵਾਂ ਸਮੇਂ ਲੜਕੀਆਂ ਮਹਿੰਗੇ ਤੇ ਫੈਸ਼ਨੇਬਲ ਲਹਿੰਗੇ ਤੇ ਘੱਗਰੇ ਪਹਿਨ ਕੇ ਗੁਰਦੁਆਰੇ ਵਿਚ ਆਉਂਦੀਆਂ ਹਨ।ਉਹ ਕੱਪੜੇ ਇੰਨੇ ਭਾਰੀ ਹੁੰਦੇ ਹਨ ਕਿ ਦੁਲਹਨ ਲਈ ਇਨ੍ਹਾਂ ਨੂੰ ਪਹਿਨ ਕੇ ਚੱਲਣਾ, ਉਠਣਾ-ਬੈਠਣਾ ਤੇ ਗੁਰੂ ਮਹਾਰਾਜ ਦੇ ਸਾਹਮਣੇ ਨਤਮਸਤਕ ਹੋਣਾ ਵੀ ਮੁਸ਼ਕਲ ਹੋ ਜਾਂਦਾ ਹੈ।

ਜਿਸ ਨੂੰ ਦੇਖਦੇ ਹੋਏ ਪੰਜ ਤਖਤਾਂ ਦੇ ਜਥੇਦਾਰਾਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਹੁਣ ਤੋਂ ਦੁਲਹਨ ਮਹਿੰਗੇ ਤੇ ਭਾਰੀ ਲਹਿੰਗੇ ਦੇ ਘੱਗਰਿਆਂ ਦੀ ਜਗ੍ਹਾ ਕਮੀਜ਼ ਸਲਵਾਰ ਤੇ ਸਿਰ ‘ਤੇ ਚੁੰਨੀਪਹਿਨ ਕੇ ਹੀ ਆਏਗੀ।ਸਿੰਘ ਸਾਹਿਬਾਂ ਨੇ ਕਿਹਾ ਕਿ ਆਨੰਦ ਕਾਰਜ ਦੌਰਾਨ ਦੁਲਹਨ ‘ਤੇ ਚੁੰਨੀ ਜਾਂ ਫੁੱਲਾਂ ਦੀ ਛਾਇਆ ਕਰਨ ਦਾ ਰੁਝਾਨ ਸ਼ੁਰੂ ਹੋ ਚੁੱਕਾ ਹੈ, ਜੋ ਠੀਕ ਨਹੀਂ ਹੈ। ਰਿਸ਼ਤੇਦਾਰ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਅੱਗੇ ਤੱਕ ਦੁਲਹਨ ‘ਤੇ ਚੁੰਨੀ ਤੇ ਫੁੱਲਾਂ ਦੀ ਛਾਇਆ ਕਰਕੇ ਲਿਆਉਂਦੇ ਹਨ। ਅਜਿਹੇ ਵਿਚ ਹੁਣ ਲਾਵਾਂ ਦੌਰਾਨ ਗੁਰਦੁਆਰਿਆਂ ਵਿਚ ਫੁੱਲਾਂ ਜਾਂ ਚੁੰਨੀ ਦੀ ਛਾਇਆ ਕਰਕੇ ਲਿਆਉਣ ‘ਤੇ ਰੋਕ ਲਗਾ ਦਿੱਤੀ ਗਈ ਹੈ।

ਸਿੰਘ ਸਾਹਿਬਾਂ ਨੇ ਦੱਸਿਆ ਕਿ ਅੱਜ ਕੱਲ੍ਹ ਆਨੰਦ ਕਾਰਜ ਦੇ ਸੱਦਾ ਕਾਰਡਾਂ ‘ਤੇ ਲੜਕੇ ਤੇ ਲੜਕੀ ਦੇ ਨਾਂ ਅੱਗੇ ਸਿੰਘ ਤੇ ਕੌਰ ਵੀ ਨਹੀਂ ਲਿਖਿਆ ਜਾਂਦਾ। ਇਹ ਵੀ ਠੀਕ ਨਹੀਂ ਹੈ। ਇਸ ਨੂੰ ਦੇਖਦੇ ਹੋਏ ਹੁਣ ਕਾਰਡ ਦੇ ਬਾਹਰ ਤੇ ਅੰਦਰ ਦੋਵੇਂ ਜਗ੍ਹਾ ਦੁਲਹਨ ਤੇ ਦੁਲਹੇ ਦੇ ਨਾਂ ਅੱਗੇ ਕੌਰ ਤੇ ਸਿੰਘ ਦਾ ਲਿਖਣਾ ਜ਼ਰੂਰੀ ਹੋਵੇਗਾ। ਸਿੰਘ ਸਾਹਿਬਾਂ ਨੇ ਸਿੱਖ ਭਾਈਚਾਰੇ ਤੋਂ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਵੀ ਸਿੱਖ ਮਰਿਆਦਾ ਦੇ ਨਾਲ ਨਾ ਹੋ ਰਹੇ ਵਿਆਹ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਜਾਣ ‘ਤੇ ਰੋਕ ਲਗਾਈ ਜਾ ਚੁੱਕੀ ਹੈ। ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿਚ ਆਇਆ ਸੀ ਕਿ ਅੱਜ ਕੱਲ੍ਹ ਡੈਸਟੀਨੇਸ਼ਨ ਵੈਡਿੰਗਸ ਦਾ ਚਲਨ ਵਧ ਗਿਆ ਹੈ ਜਿਸ ਕਾਰਨ ਕੁਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੁੰਦਰ ਕਿਨਾਰੇ ਜਾਂ ਰਿਜਾਰਟ ਵਿਚ ਲਿਜਾ ਕੇ ਪ੍ਰਕਾਸ਼ ਕਰਦੇ ਹਨ ਤੇ ਲਾਵਾ ਲੈਂਦੇ ਹਨ। ਉਦੋਂ ਵੀ ਸਿੰਘ ਸਾਹਿਬਾਂ ਨੇ ਅਜਿਹੇ ਵਿਆਹਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਜਾਣ ‘ਤੇ ਰੋਕ ਲਗਾਈ ਸੀ।

Leave a Reply

Your email address will not be published. Required fields are marked *