ਆਕਲੈਂਡ ਦੇ ਮਸ਼ਹੂਰ ਰੈਸਟੋਰੈਂਟ ਵਾਲਿਆਂ ਦਾ ਕਰਮਚਾਰੀਆਂ ਦੇ ਹੱਕਾਂ ‘ਤੇ ਡਾਕਾ!
ਆਕਲੈਂਡ ਵਿੱਚ ਡਾਕੂ ਕਬਾਬ ਵਾਲੇ ਖਾਸੇ ਮਸ਼ਹੂਰ ਹਨ ਤੇ ਇਨ੍ਹਾਂ ਦੀਆਂ 5 ਬ੍ਰਾਂਚਾਂ ਆਕਲੈਂਡ ਵਿੱਚ ਚੱਲ ਰਹੀਆਂ ਹਨ। ਪਰ ਡਾਕੂ ਕਬਾਬ ਰੈਸਟੋਰੈਂਟ ਚੈਨ ਵਿੱਚ ਕੰਮ ਕਰਨ ਵਾਲੇ ਕਰੀਬ 19 ਕਰਮਚਾਰੀਆਂ ਦਾ ਦਾਅਵਾ ਹੈ ਕਿ ਰੈਸਟੋਰੈਂਟ ਮਾਲਕਾਂ ਨੇ ਉਨ੍ਹਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ, ਜਿੱਥੇ ਪਹਿਲਾਂ ਪ੍ਰਤੀ ਕਰਮਚਾਰੀ ਵੀਜੇ ਲਈ $26,000 ਤੋਂ $60,000 ਤੱਕ ਦੀ ਮੋਟੀ ਰਾਸ਼ੀ ਉਗਰਾਹੀ ਗਈ, ਉੱਥੇ ਹੀ ਕਰਮਚਾਰੀਆਂ ਤੋਂ ਨਾ ਸਿਰਫ ਦਿਹਾੜੀ ਦਾ 17-17 ਘੰਟੇ ਕੰਮ ਕਰਵਾਇਆ ਗਿਆ, ਬਲਕਿ ਉਨ੍ਹਾਂ ਨੂੰ ਬਣਦੀ ਤਨਖਾਹ ਦਾ ਇੱਕ ਵੀ ਪੈਸਾ ਨਹੀਂ ਮਿਲਿਆ। ਹਾਲਾਤ ਅਜਿਹੇ ਬਣੇ ਕਿ ਹੁਣ ਇਹ ਕਰਮਚਾਰੀ ਗੁਰਦੁਆਰਾ ਸਾਹਿਬ ਦੀ ਮੱਦਦ ਨਾਲ ਆਪਣਾ ਗੁਜਾਰਾ ਕਰਨ ਨੂੰ ਮਜਬੂਰ ਹਨ।
ਸੁਪਰੀਮ ਸਿੱਖ ਸੁਸਾਇਟੀ ਤੋਂ ਦਲਜੀਤ ਸਿੰਘ ਹੋਣਾ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਦੀ ਮਾਨਸਿਕ ਸਿਹਤ ਵੀ ਇਸ ਵੇਲੇ ਠੀਕ ਨਹੀਂ ਹੈ।
ਦੂਜੇ ਪਾਸੇ ਇਸ ਰੈਸਟੋਰੈਂਟ ਚੈਨ ਦੇ ਇੱਕ ਡਾਇਰੈਕਟਰ ਸੋਰਵ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ ਹੈ। ਪਰ ਇਸ ਮਾਮਲੇ ‘ਤੇ ਐਮ ਬੀ ਆਈ ਈ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਰੈਸਟੋਰੈਂਟ ਖਿਲਾਫ ਸ਼ਿਕਾਇਤ ਮਿਲੀ ਹੈ ਤੇ ਇਨਵੈਸਟਿਗੇਸ਼ਨ ਟੀਮ ਛਾਣਬੀਣ ਕਰ ਰਹੀ ਹੈ।