ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਅਸਾਮ ਦੀ ਡਿਬਰੂਗੜ੍ਹ ਜੇਲ ਪਹੁੰਚੇ ਉਸਦੇ ਮਾਤਾ-ਪਿਤਾ

‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਅੱਜ ਉਸ ਦੇ ਮਾਤਾ-ਪਿਤਾ ਅਸਾਮ ਦੀ ਡਿਬਰੂਗੜ੍ਹ ਜੇਲ ਪਹੁੰਚੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਉਸ ਦੀ ਪਤਨੀ ਸਮੇਤ ਕਰੀਬ 10 ਵਿਅਕਤੀ ਅੰਮ੍ਰਿਤਪਾਲ ਨੂੰ ਮਿਲਣ ਲਈ ਗਏ ਸਨ ਪਰ ਇਸ ਵਾਰ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਨੂੰ ਮਿਲਣ ਲਈ ਉਸ ਦੀ ਮਾਂ ਬਲਵਿੰਦਰ ਕੌਰ ਤੇ ਪਿਤਾ ਤਰਸੇਮ ਸਿੰਘ ਹੀ ਪੁੱਜੇ ਹਨ।

ਅੰਮ੍ਰਿਤਪਾਲ ਦੇ ਮਾਤਾ-ਪਿਤਾ ਬਰਨਾਲਾ ਤੋਂ ਸਾਬਕਾ ਸੰਸਦ ਮੈਂਬਰ ਤੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਤੇ ਇੱਕ ਹੋਰ ਵਕੀਲ ਬ੍ਰਿਜ ਸ਼ਰਮਾ ਸਮੇਤ ਪਹੁੰਚੇ ਹਨ। ਐਡਵੋਕੇਟ ਬ੍ਰਿਜ ਸ਼ਰਮਾ ਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਨੂੰ ਮਿਲਣਗੇ। ਉਹ ਪੰਜਾਬ ਦੇ ਉਨ੍ਹਾਂ ਸਾਰੇ ਲੋਕਾਂ ਦੀ ਜ਼ਮਾਨਤ ਲਾ ਰਹੇ ਹਨ, ਜਿਨ੍ਹਾਂ ‘ਤੇ ਐਨਐਸਏ ਨਹੀਂ ਲਗਾਇਆ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦੀ ਅੱਜ ਜੇਲ੍ਹ ਵਿੱਚ ਪਹਿਲੀ ਮੁਲਾਕਾਤ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 4 ਮਈ ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਉਨ੍ਹਾਂ ਨੂੰ ਮਿਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਜਥੇ ਨਾਲ ਆਈ ਸੀ। ਇਸ ਦੌਰਾਨ ਅੰਮ੍ਰਿਤਪਾਲ ਨੇ ਜੇਲ੍ਹ ਵਿੱਚ ਆਪਣੀ ਪਤਨੀ ਨੂੰ ਮਿਲ ਕੇ ਕਿਹਾ ਸੀ ਕਿ ਸਭ ਕੁਝ ਚੜ੍ਹਦੀ ਕਲਾਂ ਵਿੱਚ ਹੈ। ਇਸ ਤੋਂ ਪਹਿਲਾਂ ਜਦੋਂ ਵਕੀਲ ਤੇ ਹੋਰ ਰਿਸ਼ਤੇਦਾਰ ਮੁਲਾਕਾਤ ਲਈ ਆਏ ਸਨ ਤਾਂ ਅੰਮ੍ਰਿਤਪਾਲ ਨੇ ਇੱਕ ਚਿੱਠੀ ਦਿੱਤੀ ਸੀ। ਜਿਸ ਵਿੱਚ ਕੌਮ ਦੇ ਨਾਮ ਇਕ ਸੰਦੇਸ਼ ਭੇਜਿਆ ਸੀ।

ਜ਼ਿਕਰਯੋਗ ਹੈ ਕਿ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ 23 ਅਪ੍ਰੈਲ ਨੂੰ ਮੋਗਾ ਜ਼ਿਲ੍ਹੇ ਦੇ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਪਾਲ 18 ਮਾਰਚ ਤੋਂ ਹੀ ਫ਼ਰਾਰ ਸੀ, ਉਸ ਦਿਨ ਪੰਜਾਬ ਪੁਲਿਸ ਨੇ ਉਸ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਸ਼ੁਰੂ ਕੀਤੀ ਸੀ। ਇਹ ਕਾਰਵਾਈ 23 ਫਰਵਰੀ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਤੇ ਉਸ ਦੇ ਇਕ ਸਹਿਯੋਗੀ ਲਵਪ੍ਰੀਤ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੁਲਿਸ ਥਾਣੇ ਨੂੰ ਘੇਰਾ ਪਾਉਣ ਤੋਂ ਲਗਭਗ ਤਿੰਨ ਹਫਤਿਆਂ ਬਾਅਦ ਹੋਈ ਸੀ।

Leave a Reply

Your email address will not be published. Required fields are marked *