ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਨੂੰ ਵਿਦੇਸ਼ ਜਾਣ ਤੋਂ ਰੋਕਣਾ ਗਲਤ, ਉਹ ਯੂਕੇ ਦੀ ਨਾਗਰਿਕ: ਗਿਆਨੀ ਹਰਪ੍ਰੀਤ ਸਿੰਘ
ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਇਮੀਗਰੇਸ਼ਨ ਤੇ ਪੰਜਾਬ ਪੁਲਿਸ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਕੇ ਰਵਾਨਾ ਹੋਣ ਤੋਂ ਰੋਕਣ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਕਿਰਨਦੀਪ ਕੌਰ ਨੂੰ ਯੂਕੇ ਜਾਣ ਤੋਂ ਰੋਕਣਾ ਗਲਤ ਹੈ ਕਿਉਂਕਿ ਉਹ ਤਾਂ ਯੂਕੇ ਦੀ ਨਾਗਰਿਕ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਏਜੰਸੀਆਂ ਕਿਰਨਦੀਪ ਕੌਰ ਤੋਂ ਪੁੱਛਗਿੱਛ ਕਰਨਾ ਹੀ ਚਾਹੁੰਦੀਆਂ ਸੀ ਤਾਂ ਉਹ ਪਹਿਲਾਂ ਹੀ ਘਰ ਜਾ ਕਰ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਕਿਰਨਦੀਪ ਕੌਰ ਨੇ ਵੀਰਵਾਰ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਅੰਮ੍ਰਿਤਸਰ ਤੋਂ ਯੂਕੇ ਜਾਣਾ ਚਾਹੁੰਦੀ ਸੀ। ਉਹ ਲਗਪਗ ਸਾਢੇ ਗਿਆਰਾਂ ਵਜੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀ ਤੇ ਇਸ ਮੌਕੇ ਉਸ ਦੇ ਨਾਲ ਕੁਝ ਪਰਿਵਾਰਕ ਮੈਂਬਰ ਵੀ ਸਨ।
ਇਸ ਦੌਰਾਨ ਜਦੋਂ ਹਵਾਈ ਅੱਡੇ ’ਤੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਚੱਲ ਰਹੀ ਸੀ ਤਾਂ ਇਮੀਗਰੇਸ਼ਨ ਅਧਿਕਾਰੀਆਂ ਵੱਲੋਂ ਉਸ ਨੂੰ ਪੁੱਛਗਿੱਛ ਵਾਸਤੇ ਰੋਕ ਲਿਆ ਗਿਆ। ਜ਼ਿਲ੍ਹਾ ਦਿਹਾਤੀ ਪੁਲਿਸ ਤੇ ਵੱਖ ਵੱਖ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਲਗਪਗ ਤਿੰਨ ਤੋਂ ਚਾਰ ਘੰਟੇ ਉਸ ਕੋਲੋਂ ਪੁੱਛਗਿੱਛ ਕੀਤੀ।