ਅਰਜੁਨ ਐਵਾਰਡੀ DSP ਦਲਬੀਰ ਸਿੰਘ ਦਿਓਲ ਦੀ ਸ਼ੱਕੀ ਹਾਲਾਤ ‘ਚ ਮੌਤ ! ਨਹਿਰ ਕੰਢੇ ਮਿਲੀ ਲਾਸ਼
ਥਾਣਾ ਨੰਬਰ ਦੋ ਦੀ ਹੱਦ ‘ਚ ਪੈਂਦੇ ਬਸਤੀ ਬਾਵਾ ਖੇਲ ਨਹਿਰ ਲਾਗੇ ਅਰਜੁਨ ਐਵਾਰਡੀ ਡੀਐੱਸਪੀ ਦਲਬੀਰ ਸਿੰਘ ਦਿਓਲ ਦੀ ਧੌਣ ‘ਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਸੋਮਵਾਰ ਸਵੇਰੇ ਡੀਐੱਸਪੀ ਦੀ ਲਾਸ਼ ਬਸਤੀ ਬਾਵਾ ਖੇਲ ‘ਚ ਨਹਿਰ ਦੇ ਕੋਲ ਸੜਕ ਕੰਢੇ ਪਈ ਮਿਲੀ। ਪੁਲਿਸ ਨੂੰ ਮੌਕੇ ਤੋਂ ਗੋਲ਼ੀਆਂ ਦੇ ਦੋ ਖੋਲ ਮਿਲੇ ਹਨ। ਡੀਐੱਸਪੀ ਦੀ ਧੌਣ ਦੇ ਪਿਛਲੇ ਪਾਸੇ ਡੂੰਘਾ ਜ਼ਖ਼ਮ ਸੀ। ਕਤਲ ਤੋਂ ਬਾਅਦ ਡੀਐੱਸਪੀ ਦਾ ਸਰਵਿਸ ਰਿਵਾਲਵਰ ਵੀ ਗਾਇਬ ਸੀ। ਹਾਲਾਂਕਿ ਪੁਲਿਸ ਕਹਿ ਰਹੀ ਹੈ ਕਿ ਡੀਐੱਸਪੀ ਦੀ ਧੌਣ ਪਿਛੇ ਪਾਸੇ ਡੂੰਘਾ ਜ਼ਖ਼ਮ ਹੈ। ਇੱਥੇ ਗੋਲੀ ਲੱਗੀ ਸੀ ਜਾਂ ਨਹੀਂ, ਇਸ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗੀ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਸ ਦੀ ਧੌਣ ਦੇ ਪਿਛਲੇ ਹਿੱਸੇ ‘ਚ ਗੋਲ਼ੀ ਮਾਰੀ ਗਈ ਹੈ। ਸਰੀਰ ‘ਤੇ ਕਈ ਥਾਵਾਂ ‘ਤੇ ਸੱਟਾਂ ਦੇ ਨਿਸ਼ਾਨ ਹਨ। ਪੁਲਿਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਥਾਣਾ ਨੰਬਰ ਦੋ ‘ਚ ਦੇਰ ਸ਼ਾਮ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਡੀਐੱਸਪੀ ਦਲਬੀਰ ਸਿੰਘ ਦਿਓਲ ਮੂਲ ਰੂਪ ‘ਚ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੇਵਾਲ ਦਾ ਰਹਿਣ ਵਾਲਾ ਸੀ ਤੇ ਸੰਗਰੂਰ ਪੀਏਪੀ ਸਿਖਲਾਈ ਕੇਂਦਰ ‘ਚ ਤਾਇਨਾਤ ਸੀ। ਸੋਮਵਾਰ ਸਵੇਰੇ ਬਸਤੀ ਬਾਵਾ ਸਪੋਰਟਸ ਥਾਣੇ ‘ਚ ਤਾਇਨਾਤ ਪੁਲਿਸ ਮੁਲਾਜ਼ਮ ਡਿਊਟੀ ਖਤਮ ਕਰਕੇ ਘਰ ਜਾ ਰਿਹਾ ਸੀ। ਉਸ ਨੇ ਨਹਿਰ ਦੇ ਕੋਲ ਸੜਕ ਕੰਢੇ ਇਕ ਲਾਸ਼ ਪਈ ਦੇਖੀ। ਉਸ ਨੇ ਥਾਣਾ ਦੋ ਦੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਏਸੀਪੀ ਸੈਂਟਰਲ ਨਿਰਮਲ ਸਿੰਘ ਥਾਣਾ ਦੋ ਦੇ ਮੁਖੀ ਸਬ-ਇੰਸਪੈਕਟਰ ਗੁਰਪ੍ਰਰੀਤ ਸਿੰਘ ਪੁਲਿਸ ਸਮੇਤ ਪੁੱਜੇ। ਪੁਲਿਸ ਮੁਲਾਜ਼ਮਾਂ ਨੂੰ ਲਾਸ਼ ਦੀ ਜੇਬ ‘ਚੋਂ ਪਛਾਣ ਪੱਤਰ ਮਿਲਿਆ। ਇਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਲਾਸ਼ ਡੀਐੱਸਪੀ ਦਲਬੀਰ ਸਿੰਘ ਦੀ ਹੈ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਮੰਨਿਆ ਕਿ ਇਹ ਸੜਕ ਹਾਦਸਾ ਸੀ। ਗੱਡੀ ਨਾਲ ਟਕਰਾਉਣ ਕਾਰਨ ਡੀਐੱਸਪੀ ਦੀ ਮੌਤ ਹੋ ਗਈ। ਅੰਦਾਜ਼ਾ ਲਾਇਆ ਗਿਆ ਕਿ ਡੀਐੱਸਪੀ ਦੇਰ ਰਾਤ ਪੈਦਲ ਕਿਤੇ ਜਾ ਰਿਹਾ ਸੀ। ਇਸ ਦੌਰਾਨ ਕਿਸੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਸਿਰ ‘ਤੇ ਡੂੰਘੀ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਦੁਪਹਿਰ ਬਾਅਦ ਜਦੋਂ ਪੁਲਿਸ ਨੇ ਦੁਬਾਰਾ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਮੌਕੇ ਵਾਲੀ ਥਾਂ ਦੇ ਨੇੜੇ ਦੋ ਖੋਲ ਮਿਲੇ। ਇਸ ਨਾਲ ਡੀਐੱਸਪੀ ਦੇ ਕਤਲ ਹੋਣ ਦੀ ਸੰਭਾਵਨਾ ਵੱਧ ਗਈ ਹੈ। ਇਸ ਤੋਂ ਬਾਅਦ ਜਾਂਚ ‘ਚ ਪਤਾ ਲੱਗਾ ਕਿ ਉਸ ਦਾ ਸਰਵਿਸ ਰਿਵਾਲਵਰ ਵੀ ਗਾਇਬ ਸੀ। ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਸਾਰੀ ਸਥਿਤੀ ਪੋਸਟਮਾਰਟਮ ਤੋਂ ਬਾਅਦ ਸਪੱਸ਼ਟ ਹੋਵੇਗੀ। ਡੀਐੱਸਪੀ ਦਲਬੀਰ ਸਿੰਘ ਦੇ ਦੋਸਤ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਐਤਵਾਰ ਸ਼ਾਮ ਦਲਬੀਰ ਨੇ ਆਪਣੇ ਦੋਸਤ ਨੂੰ ਕਾਰ ਠੀਕ ਕਰਵਾਉਣ ਲਈ ਸੱਦਿਆ ਸੀ। ਉਹ ਰਾਤ ਨੂੰ ਉਸ ਨਾਲ ਬਾਹਰ ਗਿਆ ਹੋਇਆ ਸੀ। ਕਰੀਬ ਛੇ-ਸੱਤ ਦਿਨ ਪਹਿਲਾਂ ਡੀਐੱਸਪੀ ਦੀ ਕਾਰ ਇਕ ਰੈਸਟੋਰੈਂਟ ਮਾਲਕ ਦੀ ਕਾਰ ਨਾਲ ਟਕਰਾ ਗਈ ਸੀ। ਇਸ ਹਾਦਸੇ ‘ਚ ਰੈਸਟੋਰੈਂਟ ਮਾਲਕ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਡੀਐੱਸਪੀ ਕਾਰ ਨੂੰ ਕਚਿਹਰੀ ਚੌਕ ‘ਚ ਇਕ ਮਕੈਨਿਕ ਕੋਲ ਠੀਕ ਕਰਵਾਉਣ ਲਈ ਲੈ ਗਿਆ ਸੀ। ਉਸ ਦੀ ਇਸ ਦੁਕਾਨ ਦੇ ਮਾਲਕ ਉਪਕਾਰ ਨਗਰ ਵਾਸੀ ਸ਼ੈਰੀ ਨਾਲ ਦੋਸਤੀ ਹੋ ਗਈ। ਐਤਵਾਰ ਸ਼ਾਮ ਨੂੰ ਡੀਐੱਸਪੀ ਨੇ ਘਰ ‘ਚ ਖੜ੍ਹੀ ਕਾਰ ਦੀ ਮੁਰੰਮਤ ਲਈ ਸ਼ੈਰੀ ਨੂੰ ਸੱਦਿਆ। ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਡੀਐੱਸਪੀ ਦੇ ਘਰ ਪੁੱਜਾ। ਡੀਐੱਸਪੀ ਨੇ ਉਸ ਨੂੰ ਚਾਹ ਪਿਆਈ ਤੇ ਸ਼ੈਰੀ ਨੂੰ ਦੱਸਿਆ ਕਿ ਉਸ ਦੇ ਰਾਜੂ ਨਾਂ ਦੇ ਦੋਸਤ ਦੀ ਜਲੰਧਰ ‘ਚ ਦੁਕਾਨ ਹੈ। ਉਹ ਉਸ ਨਾਲ ਨਵੇਂ ਸਾਲ ਦੀ ਪਾਰਟੀ ਕਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਸ਼ੈਰੀ ਤੇ ਡੀਐੱਸਪੀ ਜਲੰਧਰ ਲਈ ਘਰ ਰਵਾਨਾ ਹੋ ਗਏ। ਡੀਐੱਸਪੀ ਨੇ ਰਸਤੇ ‘ਚ ਦੋ ਵਾਰ ਕਾਰ ਰੋਕੀ। ਪਹਿਲੀ ਵਾਰ ਉਸ ਨੇ ਠੇਕੇ ਤੋਂ ਅੱਧੀਆ ਸ਼ਰਾਬ ਖਰੀਦੀ ਸੀ। ਦੂਜੀ ਵਾਰ ਕਿਸੇ ਦੁਕਾਨ ਤੋਂ ਤੰਬਾਕੂ ਖਰੀਦਿਆ। ਜਦੋਂ ਸ਼ੈਰੀ ਉਸ ਦੇ ਗੈਰਾਜ ‘ਤੇ ਪੁੱਜਾ ਤਾਂ ਡੀਐੱਸਪੀ ਨੇ ਕਿਹਾ ਕਿ ਉਸ ਦੇ ਦੋਸਤ ਰਾਜੂ ਦੀ ਬੱਸ ਸਟੈਂਡ ‘ਤੇ ਦੁਕਾਨ ਹੈ, ਉਹ ਉਸ ਨੂੰ ਉਥੇ ਹੀ ਛੱਡ ਦੇਵੇ। ਬੱਸ ਸਟੈਂਡ ‘ਤੇ ਦੁਕਾਨ ਬੰਦ ਹੋਣ ਕਾਰਨ ਡੀਐੱਸਪੀ ਬੱਸ ਅੱਡੇ ‘ਤੇ ਉਤਰ ਗਏ। ਉਥੋਂ ਉਹ ਆਟੋ ਵਿੱਚ ਬੈਠ ਕੇ ਚਲਾ ਗਿਆ। ਸਵੇਰੇ ਡੀਐੱਸਪੀ ਦੀ ਲਾਸ਼ ਸੜਕ ਕੰਢੇ ਪਈ ਮਿਲੀ। ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਕਿਸੇ ਨੇ ਦਲਬੀਰ ਸਿੰਘ ਦੀ ਧੌਣ ‘ਚ ਗੋਲੀ ਮਾਰੀ ਹੈ।
ਸੁਰੱਖਿਆ ਗਾਰਡ ਨੂੰ ਨਾਲ ਲਿਜਾਣ ਤੋਂ ਕਰ ਦਿੱਤਾ ਸੀ ਮਨ੍ਹਾ
ਐਤਵਾਰ ਰਾਤ ਨੂੰ ਜਦੋਂ ਦਲਬੀਰ ਕਾਰ ਮਕੈਨਿਕ ਨਾਲ ਘਰੋਂ ਨਿਕਲਿਆ ਤਾਂ ਗੰਨਮੈਨ ਵੀ ਉਸ ਦੇ ਨਾਲ ਆਉਣ ਲੱਗਾ। ਇਸ ‘ਤੇ ਦਲਬੀਰ ਨੇ ਉਸ ਨੂੰ ਘਰ ਰਹਿਣ ਲਈ ਕਿਹਾ ਸੀ। ਉਸ ਨੇ ਗੰਨਮੈਨ ਨੂੰ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲਣ ਜਲੰਧਰ ਜਾ ਰਿਹਾ ਹੈ। ਉਸ ਦੇ ਨਾਲ ਜਾਣ ਦੀ ਕੋਈ ਲੋੜ ਨਹੀਂ ਹੈ।
—
ਬਰਾਮਦ ਖੋਲ ਸਰਕਾਰੀ ਪਿਸਤੌਲ ਦੇ
ਡੀਐੱਸਪੀ ਘਰੋਂ ਨਿਕਲਣ ਵੇਲੇ ਆਪਣੀ ਸਰਕਾਰੀ ਪਿਸਤੌਲ ਆਪਣੇ ਨਾਲ ਲੈ ਗਿਆ ਸੀ। ਇਹ ਪਿਸਤੌਲ .9 ਐੱਮਐੱਮ ਸੀ। ਪੁਲਿਸ ਨੂੰ ਜਿਹੜੇ ਖੋਲ ਘਟਨਾ ਸਥਾਨ ਤੋਂ ਮਿਲੇ ਸੀ ਉਹ ਵੀ .9 ਐੱਮਐੱਮ ਪਿਸਤੌਲ ਦੀਆਂ ਗੋਲ਼ੀਆਂ ਦੇ ਸਨ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਸੇ ਨੇ ਡੀਐੱਸਪੀ ਦੀ ਹੀ ਪਿਸਤੌਲ ਨਾਲ ਡੀਐੱਸਪੀ ਨੂੰ ਗੋਲ਼ੀ ਮਾਰ ਦਿੱਤੀ ਤੇ ਫਿਰ ਪਿਸਤੌਲ ਲੈ ਕੇ ਭੱਜ ਗਿਆ।
ਦਲਬੀਰ ਸਿੰਘ ਦਾ ਵਿਵਾਦਾਂ ਨਾਲ ਹੈ ਪੁਰਾਣਾ ਰਿਸ਼ਤਾ
16 ਦਸੰਬਰ ਦੀ ਰਾਤ ਨੂੰ ਡੀਐੱਸਪੀ ਦਲਬੀਰ ਸਿੰਘ ਨੇ ਜਲੰਧਰ ਤੋਂ ਕਪੂਰਥਲਾ ਰੋਡ ‘ਤੇ ਪਿੰਡ ਮੰਡ ਨੇੜੇ ਬਸਤੀ ਇਬਰਾਹੀਮ ਖਾਂ ‘ਚ ਗੋਲੀ ਚਲਾ ਦਿੱਤੀ ਸੀ। ਇਸ ਮਾਮਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਉਸ ਰਾਤ ਡੀਐੱਸਪੀ ਬਸਤੀ ਇਬਰਾਹੀਮ ਖਾਂ ਦੇ ਸਰਪੰਚ ਕੋਲ ਗਿਆ ਹੋਇਆ ਸੀ। ਉਥੇ ਉਸ ਦਾ ਪਿੰਡ ਦੇ ਨੌਜਵਾਨਾਂ ਨਾਲ ਝਗੜਾ ਹੋ ਗਿਆ ਜਦੋਂ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਲੜਾਈ ਦੌਰਾਨ ਡੀਐੱਸਪੀ ਨੇ ਉਥੇ ਦੋ ਗੋਲ਼ੀਆਂ ਚਲਾਈਆਂ ਸਨ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਪੁਲਿਸ ਨੇ ਉਦੋਂ ਡੀਐੱਸਪੀ ਨੂੰ ਹਿਰਾਸਤ ‘ਚ ਲੈ ਲਿਆ ਸੀ ਪਰ ਬਾਅਦ ‘ਚ ਸਮਝੌਤਾ ਹੋਣ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ ਸੀ।
—
1999 ‘ਚ ਮਿਲਿਆ ਅਰਜੁਨ ਐਵਾਰਡ
ਡੀਐੱਸਪੀ ਦਲਬੀਰ ਸਿੰਘ ਦਿਓਲ ਵੇਟਲਿਫਟਿੰਗ ਦੇ ਖਿਡਾਰੀ ਸਨ। ਉਨ੍ਹਾਂ ਨੂੰ ਸਾਲ 1999 ‘ਚ ਅਰਜੁਨ ਐਵਾਰਡ ਵੀ ਮਿਲਿਆ ਸੀ। ਉਸ ਨੇ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ‘ਚ ਹਿੱਸਾ ਲਿਆ। ਪਰਿਵਾਰ ‘ਚ ਪਤਨੀ ਤੇ ਦੋ ਪੁੱਤਰ ਹਨ। ਪਰਿਵਾਰ ਤਰਨਤਾਰਨ ਗਿਆ ਹੋਇਆ ਸੀ। ਇਨ੍ਹਾਂ ਦਿਨਾਂ ‘ਚ ਡੀਐੱਸਪੀ ਪਿੰਡ ਖੋਜੇਵਾਲ ‘ਚ ਇਕੱਲਾ ਸੀ। ਉਹ ਸ਼ੂਗਰ ਦਾ ਮਰੀਜ਼ ਵੀ ਸੀ। ਚਾਰ ਸਾਲ ਪਹਿਲਾਂ ਸ਼ੂਗਰ ਦੇ ਕਾਰਨ ਡਾਕਟਰਾਂ ਨੂੰ ਉਸ ਦੀ ਇਕ ਲੱਤ ਕੱਟਣੀ ਪਈ ਸੀ। ਉਸ ਸਮੇਂ ਵੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਸੀ। ਇਸ ਤੋਂ ਬਾਅਦ ਨਕਲੀ ਲੱਤ ਫਿੱਟ ਕਰਵਾ ਕੇ ਪੁਲਿਸ ਸੇਵਾ ਨਿਭਾਅ ਰਹੇ ਸਨ।
—
ਪੁਲਿਸ ਨੇ ਕੁਝ ਨੌਜਵਾਨਾਂ ਨੂੰ ਕੀਤਾ ਰਾਊਂਡ ਅਪ
16 ਦਸੰਬਰ ਨੂੰ ਡੀਐੱਸਪੀ ਦਾ ਮੰਡ ਖੇਤਰ ‘ਚ ਕੁਝ ਨੌਜਵਾਨਾਂ ਨਾਲ ਕਾਰ ਦੀ ਟੱਕਰ ਨੂੰ ਲੈ ਕੇ ਵਿਵਾਦ ਹੋ ਗਿਆ ਸੀ, ਜਿਸ ‘ਚ ਕੁਝ ਲੋਕਾਂ ਨਾਲ ਡੀਐੱਸਪੀ ਦੀ ਹੱਥੋਪਾਈ ਵੀ ਹੋਈ ਸੀ। ਇਸ ਦੌਰਾਨ ਡੀਐੱਸਪੀ ਵੱਲੋਂ ਆਪਣੇ ਸਰਕਾਰੀ ਪਿਸਤੌਲ ਨਾਲ ਦੋ ਹਵਾਈ ਫਾਇਰ ਕੀਤੇ ਸਨ। ਪੁਲਿਸ ਵੱਲੋਂ ਉਨ੍ਹਾਂ ਨੌਜਵਾਨਾਂ ਨੂੰ ਰਾਊਂਡਅੱਪ ਕੀਤਾ ਗਿਆ ਹੈ ਜਿਨ੍ਹਾਂ ਨਾਲ ਡੀਐੱਸਪੀ ਦਾ ਵਿਵਾਦ ਹੋਇਆ ਸੀ। ਪੁਲਿਸ ਅਧਿਕਾਰੀ ਉਨ੍ਹਾਂ ਕੋਲੋਂ ਪੁੱਛਗਿਛ ਕਰ ਰਹੇ ਹਨ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਬਾਰੇ ਕੁਝ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।