ਅਮੀਰਾਂ ਦੀ ਸੂਚੀ ਰਿਲੀਜ਼, ਮੁਕੇਸ਼ ਅੰਬਾਨੀ ਏਸ਼ੀਆ ‘ਚ ਨੰਬਰ-1 ‘ਤੇ, ਜਾਣੋ ਕੌਣ ਹੈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ
ਲਓ ਜੀ ਦੁਨੀਆ ਦੇ ਅਮੀਰ ਲੋਕਾਂ ਦੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਫੋਰਬਸ ਵੱਲੋਂ ਸਾਲ 2024 ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਫੋਰਬਸ ਨੇ ਹਾਲ ਹੀ ‘ਚ ਦੁਨੀਆ ਦੇ ਚੋਟੀ ਦੇ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਲਿਸਟ ਉੱਤੇ ਹਰ ਸਾਲ ਕਰੋੜਾਂ ਹੀ ਲੋਕਾਂ ਦੀ ਨਜ਼ਰ ਹੁੰਦੀ ਹੈ। ਨਿਊਜ਼ ਏਜੰਸੀਆਂ ਦੀ ਵੀ ਇਸ ਲਿਸਟ ਉੱਤੇ ਖਾਸ ਨਜ਼ਰ ਹੁੰਦੀ ਹੈ। ਆਓ ਜਾਣਦੇ ਹਾਂ ਭਾਰਤ ਦੇ ਅਮੀਰਾਂ ਨੇ ਇਸ ਲਿਸਟ ਵਿੱਚ ਕਿਹੜੇ-ਕਿਹੜੇ ਨੰਬਰ ‘ਤੇ ਸਥਾਨ ਹਾਸਿਲ ਕੀਤਾ ਹੈ। ਫੋਰਬਸ ਦੁਆਰਾ ਜਾਰੀ 2024 ਦੇ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਭਾਰਤ ਦੇ ਦਿੱਗਜ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਵਿੱਚ ਨੰਬਰ 1 ਹਨ। ਇਸ ਦੇ ਨਾਲ ਹੀ ਉਹ ਫੋਰਬਸ ਦੀ ਸੂਚੀ ‘ਚ ਟਾਪ 10 ‘ਚ ਵੀ ਹੈ। ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ LVMH ਦਾ ਮਾਲਕ ਬਰਨਾਰਡ ਅਰਨੌਲਟ ਹੈ (Bernard Arnault remains richest man in the world)। ਆਓ ਤੁਹਾਨੂੰ ਦੱਸਦੇ ਹਾਂ ਦੁਨੀਆ ਦੇ ਚੋਟੀ ਦੇ 10 ਅਮੀਰ ਲੋਕ ਅਤੇ ਉਨ੍ਹਾਂ ਦੀ ਜਾਇਦਾਦ।
ਫੋਰਬਸ ਦੀ ਸੂਚੀ ‘ਚ ਫਰਾਂਸ ਦੇ ਬਰਨਾਰਡ ਅਰਨੌਲਟ ਪਹਿਲੇ ਨੰਬਰ ‘ਤੇ ਹਨ
ਫੋਰਬਸ ਦੀ ਮੰਗਲਵਾਰ ਨੂੰ ਜਾਰੀ ਸੂਚੀ ‘ਚ ਫਰਾਂਸ ਦੇ ਬਰਨਾਰਡ ਅਰਨੌਲਟ ਅਤੇ ਉਨ੍ਹਾਂ ਦਾ ਪਰਿਵਾਰ ਪਹਿਲੇ ਨੰਬਰ ‘ਤੇ ਆ ਗਿਆ ਹੈ। ਬਰਨਾਰਡ ਅਰਨੌਲਟ 233 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਏ ਹਨ। ਇਸ ਸੂਚੀ ‘ਚ ਦੂਜੇ ਸਥਾਨ ‘ਤੇ ਅਮਰੀਕਾ ਦੀ ਟੈਸਲਾ ਅਤੇ ਸਪੇਸਐਕਸ ਕੰਪਨੀ ਦੇ ਮਾਲਕ ਐਲੋਨ ਮਸਕ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 195 ਅਰਬ ਡਾਲਰ ਦੱਸੀ ਜਾਂਦੀ ਹੈ।
ਤੀਜੇ ਨੰਬਰ ‘ਤੇ ਜੈਫ ਬੇਜੋਸ
ਇਸ ਸੂਚੀ ‘ਚ ਅਮਰੀਕਾ ਸਥਿਤ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ 194 ਅਰਬ ਡਾਲਰ ਦੀ ਸੰਪਤੀ ਨਾਲ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਚੌਥੇ ਸਥਾਨ ‘ਤੇ ਮੈਟਾ ਦੇ ਸੰਸਥਾਪਕ ਅਮਰੀਕੀ ਕਾਰੋਬਾਰੀ ਮਾਰਕ ਜ਼ੁਕਰਬਰਗ ਹਨ। ਪੰਜਵੇਂ ਨੰਬਰ ‘ਤੇ ਓਰੀਕਲ ਕੰਪਨੀ ਚਲਾਉਣ ਵਾਲੇ ਲੈਰੀ ਐਲੀਸਨ ਹਨ, ਉਨ੍ਹਾਂ ਕੋਲ 141 ਬਿਲੀਅਨ ਡਾਲਰ ਦੀ ਜਾਇਦਾਦ ਹੈ। ਵਾਰੇਨ ਬਫੇਟ ਇਸ ਸੂਚੀ ਵਿੱਚ 6ਵੇਂ ਸਥਾਨ ‘ਤੇ ਹਨ, ਉਨ੍ਹਾਂ ਕੋਲ 133 ਬਿਲੀਅਨ ਡਾਲਰ ਦੀ ਜਾਇਦਾਦ ਦਰਜ ਹੈ।
ਬਿਲ ਗੇਟਸ ਬਣੇ ਸੱਤਵੇਂ ਸਭ ਤੋਂ ਅਮੀਰ ਵਿਅਕਤੀ, ਅੰਬਾਨੀ ਨੌਵੇਂ ਸਥਾਨ ‘ਤੇ
ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ 128 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਫੋਰਬਸ ਦੀ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ। ਅੱਠਵੇਂ ਨੰਬਰ ‘ਤੇ ਸਟੀਵ ਬਾਲਮਰ 121 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਹੈ। ਭਾਰਤ ਦੇ ਮੁਕੇਸ਼ ਅੰਬਾਨੀ 116 ਬਿਲੀਅਨ ਡਾਲਰ ਦੀ ਸੰਪਤੀ ਨਾਲ ਨੌਵੇਂ ਸਥਾਨ ‘ਤੇ ਹਨ। ਇਸ ਦੇ ਨਾਲ ਹੀ ਅਲਫਾਬੇਟ ਦੇ ਸੀਈਓ ਲੈਰੀ ਪੇਜ ਦਸਵੇਂ ਸਥਾਨ ‘ਤੇ ਹਨ, ਉਨ੍ਹਾਂ ਦੀ ਕੁੱਲ ਜਾਇਦਾਦ 114 ਬਿਲੀਅਨ ਡਾਲਰ ਹੈ।