ਅਫਗਾਨਿਸਤਾਨ ਨੂੰ ਹਰਾ ਕੇ ਦੱਖਣੀ ਅਫਰੀਕਾ ਪਹਿਲੀ ਵਾਰ ਪਹੁੰਚਿਆ ਵਿਸ਼ਵ ਕੱਪ ਫਾਈਨਲ ‘ਚ
ਦੱਖਣੀ ਅਫਰੀਕਾ ਸੈਮੀਫਾਈਨਲ ‘ਚ ਅਫਗਾਨਿਸਤਾਨ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਜਿੱਤ ਦੇ ਨਾਲ ਦੱਖਣੀ ਅਫਰੀਕਾ ਨੇ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਟੀਮ ‘ਤੇ ਚੋਕਰਾਂ ਦਾ ਦਾਗ ਮਿਟਾ ਦਿੱਤਾ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ 5 ਵਾਰ ਵਨਡੇ ਵਿਸ਼ਵ ਕੱਪ ਅਤੇ 2 ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਹਰ ਹੋ ਚੁੱਕੀ ਹੈ।
ਹੁਣ ਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਦਾ ਫੈਸਲਾ ਰਾਤ 8 ਵਜੇ ਹੋਵੇਗਾ। ਜਦੋਂ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਮੈਚ ਹੋਣ ਦੀ ਸੰਭਾਵਨਾ ਵੀ ਵਧ ਗਈ ਹੈ, ਕਿਉਂਕਿ ਮੀਂਹ ਦੀ ਸੰਭਾਵਨਾ 40% ਤੱਕ ਘੱਟ ਗਈ ਹੈ।
ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ ‘ਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 56 ਦੌੜਾਂ ‘ਤੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਨੇ ਇਹ ਟੀਚਾ 1 ਵਿਕਟ ਗੁਆ ਕੇ ਹਾਸਲ ਕਰ ਲਿਆ। ਰੀਜ਼ਾ ਹੈਂਡਰਿਕਸ ਨੇ 29 ਦੌੜਾਂ ਬਣਾਈਆਂ। 3 ਓਵਰਾਂ ਵਿੱਚ 3 ਵਿਕਟਾਂ ਲੈਣ ਵਾਲੇ ਮਾਰਕੋ ਜੈਨਸਨ ਮੈਨ ਆਫ ਦ ਮੈਚ ਬਣੇ।