ਅਫਗਾਨਿਸਤਾਨ ’ਚ ਮੋਹਲੇਧਾਰ ਮੀਂਹ ਨੇ ਹੜ੍ਹ ਦੇ ਹਾਲਾਤ ਬਣਾਏ ਹੋਰ ਗੰਭੀਰ, ਹੁਣ ਤਕ 84 ਲੋਕਾਂ ਦੀ ਮੌਤ
ਅਫਗਾਨਿਸਤਾਨ ’ਚ ਮੋਹਲੇਧਾਰ ਮੀਂਹ ਨੇ ਹੜ੍ਹ ਦੇ ਹਾਲਾਤ ਹੋਰ ਗੰਭੀਰ ਬਣਾ ਦਿੱਤੇ ਹਨ। ਦੇਸ਼ ਦੇ ਉੱਤਰੀ ਹਿੱਸੇ ’ਚ 84 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲਾਪਤਾ ਹਨ। ਅਪ੍ਰੈਲ ’ਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਆਏ ਹੜ੍ਹ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਤੇ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਅੰਦਾਜ਼ਨ 1500 ਘਰ ਤਬਾਹ ਹੋ ਗਏ, ਸੈਂਕੜੇ ਏਕੜ ਖੇਤੀਬਾੜੀ ਦੀ ਜ਼ਮੀਨ ਖਰਾਬ ਹੋ ਗਈ ਤੇ 300 ਤੋਂ ਵੱਧ ਪਸ਼ੂਆਂ ਦੀ ਵੀ ਮੌਤ ਹੋ ਗਈ। ਫਰਿਆਬ ਸੂਬੇ ਦੇ ਚਾਰ ਜ਼ਿਲ੍ਹਿਆਂ ’ਚ ਸ਼ਨਿਚਰਵਾਰ ਨੂੰ ਰਾਤ ਨੂੰ ਮੁੜ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ। ਸੂਬੇ ਦੇ ਗਵਰਨਰ ਦੇ ਬੁਲਾਰੇ ਇਸਮਾਤੁੱਲ੍ਹਾ ਮੋਰਾਦੀ ਨੇ ਕਿਹਾ ਕਿ 66 ਲੋਕਾਂ ਦੀ ਮੌਤ ਹੋ ਗਈ, ਪੰਜ ਜ਼ਖਮੀ ਹੋ ਗਏ ਤੇ ਅੱਠ ਲਾਪਤਾ ਹਨ। ਹੋਰਨਾਂ ਲੋਕਾਂ ਦੀ ਮੌਤ ਸ਼ੁੱਕਰਵਾਰ ਨੂੰ ਹੜ੍ਹ ਕਾਰਨ ਹੋਈ।
ਤਾਲਿਬਾਨ ਦੇ ਬੁਲਾਰੇ ਮੌਲਵੀ ਅਬਦੁਲ ਨੇ ਕਿਹਾ ਕਿ ਇਲਾਕੇ ‘ਚ ਅਜੇ ਵੀ ਕਈ ਲੋਕ ਲਾਪਤਾ ਹਨ। ਖਰਾਬ ਮੌਸਮ ਕਾਰਨ ਬਚਾਅ ਦਲ ਨੂੰ ਜ਼ਖ਼ਮੀਆਂ ਨੂੰ ਮਦਦ ਪਹੁੰਚਾਉਣ ‘ਚ ਕਾਫੀ ਦਿੱਕਤ ਆ ਰਹੀ ਹੈ। ਬਦਖਸ਼ਾਨ, ਘੋਰ, ਬਘਲਾਨ ਅਤੇ ਹੇਰਾਤ ਸਮੇਤ ਪੂਰੇ ਅਫਗਾਨਿਸਤਾਨ ਵਿੱਚ ਹੁਣ ਤੱਕ 6 ਹਜ਼ਾਰ ਤੋਂ ਵੱਧ ਘਰ ਵਹਿ ਗਏ ਹਨ।
ਅਮਰੀਕੀ ਨਿਊਜ਼ ਚੈਨਲ ਸੀਐਨਐਨ ਮੁਤਾਬਕ ਅਫ਼ਗਾਨਿਸਤਾਨ ਵਿੱਚ ਹੜ੍ਹਾਂ ਕਾਰਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰ, ਹਜ਼ਾਰਾਂ ਹੈਕਟੇਅਰ ਖੇਤੀਯੋਗ ਜ਼ਮੀਨ ਅਤੇ ਸੈਂਕੜੇ ਪਸ਼ੂ ਵਹਿ ਗਏ ਹਨ। ਇੰਟਰਨੈਸ਼ਨਲ ਰੈਸਕਿਊ ਕਮੇਟੀ (ਆਈਆਰਸੀ) ਮੁਤਾਬਕ ਅਫਗਾਨਿਸਤਾਨ ਦੇ ਜ਼ਿਆਦਾਤਰ ਸੂਬਿਆਂ ‘ਚ ਐਮਰਜੈਂਸੀ ਵਰਗੀ ਸਥਿਤੀ ਹੈ। ਕਈ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।…